ਆਉ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਇੱਕਜੁੱਟ ਹੋਈਏ : ਅਰਸ਼ ਸੱਚਰ

ਕੋਟਕਪੂਰਾ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਉੱਘੇ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਅਤੇ ਪੰਜਾਬੀ ਫ਼ਿਲਮ ਅਦਾਕਾਰ ਪ੍ਰਿੰਸ ਪੰਮਾ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਕਾਲੂ ਵਾਲਾ, ਕਿਲਚੇ ਵਾਲਾ, ਨਹਾਲੇ ਵਾਲਾ ਅਤੇ ਹਬੀਬ ਕੇ ਵਿੱਚ ਪਹੁੰਚ ਕੇ ਲੋਕਾਂ ਦੀ ਮੱਦਦ ਕੀਤੀ ਗਈ। ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਨਾ ਸਿਰਫ਼ ਰਹਿਣ ਲਈ ਮੁਸ਼ਕਿਲਾਂ ਆ ਰਹੀਆਂ ਹਨ, ਸਗੋਂ ਬੇਜ਼ੁਬਾਨ ਪਸ਼ੂਆਂ ਨੂੰ ਵੀ ਚਾਰੇ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਗੰਭੀਰ ਹਾਲਾਤ ਵਿੱਚ ਅਰਸ਼ ਸੱਚਰ ਅਤੇ ਪ੍ਰਿੰਸ ਪੰਮਾ ਨੇ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਵਿੱਚ ਪਸ਼ੂਆਂ ਲਈ ਅਚਾਰ (ਚਾਰਾ), ਤਿਰਪਾਲ, ਰੱਸੀਆਂ, ਬਲੀਚਿੰਗ ਪਾਊਡਰ ਅਤੇ ਹੋਰ ਜ਼ਰੂਰੀ ਸਮਾਨ ਵੰਡ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਹੌਸਲਾ ਦਿੱਤਾ। ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਹੜ੍ਹਾਂ ਦੀ ਇਹ ਕੁਦਰਤੀ ਆਫ਼ਤ ਸਾਡੇ ਭਾਈਚਾਰੇ ਦੀ ਕਸੌਟੀ ਹੈ। ਐਸੇ ਸਮੇਂ ਵਿੱਚ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਨਾ ਸਿਰਫ਼ ਪ੍ਰਭਾਵਿਤ ਲੋਕਾਂ ਨੂੰ ਸਮਾਨਿਕ ਰਾਹਤ ਦੇਈਏ, ਸਗੋਂ ਉਨ੍ਹਾਂ ਦੇ ਦਿਲਾਂ ਵਿੱਚ ਇਹ ਯਕੀਨ ਪੈਦਾ ਕਰੀਏ ਕਿ ਉਹ ਇਕੱਲੇ ਨਹੀਂ ਹਨ। ਪੰਜਾਬੀ ਫ਼ਿਲਮ ਅਦਾਕਾਰ ਪ੍ਰਿੰਸ ਪੰਮਾ ਨੇ ਵੀ ਲੋਕਾਂ ਨਾਲ ਸਾਂਝ ਪਾਈ ਅਤੇ ਕਿਹਾ ਕਿ ਕਲਾ-ਜਗਤ ਹੋਵੇ ਜਾਂ ਸਿਆਸੀ ਜਗਤ, ਸਾਰਿਆਂ ਦਾ ਫ਼ਰਜ਼ ਹੈ ਕਿ ਪੀੜਤ ਲੋਕਾਂ ਦੀ ਮੱਦਦ ਲਈ ਇੱਕਜੁੱਟ ਹੋਈਏ। ਅੰਤ ਵਿੱਚ ਦੋਵੇਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਲਦੀ ਹਾਲਾਤ ਠੀਕ ਹੋਣ, ਪਾਣੀਆਂ ਦਾ ਕਹਿਰ ਰੁਕੇ ਅਤੇ ਹਰ ਪ੍ਰਭਾਵਿਤ ਪਰਿਵਾਰ ਆਪਣੇ ਘਰ-ਆਂਗਣ ਵਿੱਚ ਮੁੜ ਸੁਖ-ਚੈਨ ਨਾਲ ਜੀ ਸਕੇ।