ਕੋਟਕਪੂਰਾ, 5 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ ਦੀ ਅਗਵਾਈ ਹੇਠ ਨਵੇਂ ਈ.ਐੱਸ.ਆਈ.ਸੀ. ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਨੂੰ ਐੱਮ.ਬੀ.ਬੀ.ਐੱਸ. ਕੋਰਸ ਦੀ ਸ਼ੁਰੂਆਤ ਲਈ ਅਫੀਲੀਏਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਰਾਸ਼ਟਰੀ ਮੈਡੀਕਲ ਕਮਿਸ਼ਨ ਨਵੀਂ ਦਿੱਲੀ ਵੱਲੋਂ ਲੋੜੀਂਦੇ ਮਨਜ਼ੂਰੀਆਂ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ, ਜਿਸ ਦੀ ਅਗਵਾਈ ਭਗਵੰਤ ਸਿੰਘ ਮਾਨ, ਮਾਣਯੋਗ ਮੁੱਖ ਮੰਤਰੀ ਪੰਜਾਬ, ਅਤੇ ਡਾ. ਬਲਬੀਰ ਸਿੰਘ, ਮਾਣਯੋਗ ਮੰਤਰੀ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਪੰਜਾਬ ਵੱਲੋਂ ਕੀਤੀ ਜਾ ਰਹੀ ਹੈ। ਪਹਿਲੀ ਕੌਂਸਲਿੰਗ ਪੂਰੀ ਹੋਣ ਅਤੇ ਦੂਜੀ ਕੌਂਸਲਿੰਗ ਨਜ਼ਦੀਕ ਆਉਣ ਦੇ ਮੱਦੇਨਜ਼ਰ, ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿੱਚ ਪਹਿਲਾਂ ਹੀ 50 ਐੱਮ.ਬੀ.ਬੀ.ਐੱਸ. ਸੀਟਾਂ ਦਾ ਇਜ਼ਾਫਾ ਕੀਤਾ ਜਾ ਚੁੱਕਾ ਹੈ। ਇਸ ਨਾਲ ਪੰਜਾਬ ਵਿੱਚ ਐੱਮ.ਬੀ.ਬੀ.ਐੱਸ. ਸੀਟਾਂ ਦੀ ਕੁੱਲ ਗਿਣਤੀ ਵੱਧ ਕੇ 1650 ਤੱਕ ਪਹੁੰਚ ਗਈ ਹੈ। ਇਹ ਵਾਧਾ ਪੰਜਾਬ ਨਿਵਾਸੀ ਵਿਦਿਆਰਥੀਆਂ ਲਈ ਇੱਕ ਵੱਡਾ ਫਾਇਦਾ ਸਾਬਤ ਹੋਵੇਗਾ, ਜਿਨ੍ਹਾਂ ਨੇ ਇਸ ਸਾਲ ਨੀਟ-ਯੂ.ਜੀ. 2025 ਪਾਸ ਕੀਤਾ ਹੈ। ਹੁਣ ਘੱਟੋ-ਘੱਟ 100 ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਕਾਲਜਾਂ ਦੀਆਂ ਮਹਿੰਗੀਆਂ ਫੀਸਾਂ ਤੋਂ ਬਚ ਕੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈ ਸਕਣਗੇ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਅਤੇ ਈ.ਐੱਸ.ਆਈ.ਸੀ. ਮੈਡੀਕਲ ਕਾਲਜ ਤੇ ਹਸਪਤਾਲ, ਲੁਧਿਆਣਾ। ਰਾਸ਼ਟਰੀ ਮੈਡੀਕਲ ਕਮਿਸ਼ਨ ਵੱਲੋਂ ਈ.ਐੱਸ.ਆਈ.ਸੀ. ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਨੂੰ ਅਕਾਦਮਿਕ ਸੈਸ਼ਨ 2025 ਤੋਂ 50 ਐੱਮ.ਬੀ.ਬੀ.ਐੱਸ. ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਇਸ ਨਵੇਂ ਮੈਡੀਕਲ ਕਾਲਜ ਦੀ ਸ਼ੁਰੂਆਤ ਪੰਜਾਬ ਲਈ ਇੱਕ ਮਹੱਤਵਪੂਰਨ ਮੋੜ ਹੈ। ਇਸ ਨਾਲ ਵਿਦਿਆਰਥੀਆਂ ਦੇ ਨਾ ਸਿਰਫ਼ ਡਾਕਟਰ ਬਣਨ ਦੇ ਸੁਪਨੇ ਪੂਰੇ ਹੋਣਗੇ, ਬਲਕਿ ਆਉਣ ਵਾਲੇ ਸਮੇਂ ਵਿੱਚ ਰਾਜ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਮੌਕੇ ਡਾ. ਪੀ.ਐਸ. ਬਰਾੜ, ਡਾ. ਇੰਦਰ ਪਾਵਰ, ਅਰਵਿੰਦ ਕੁਮਾਰ ਅਤੇ ਡਾ. ਦੀਪਕ ਜੌਨ ਭੱਟੀ ਵੀ ਮੁਬਾਰਕਬਾਦ ਦਿੱਤੀ ਕੀਤੀ ਗਈ।