ਪੰਜਾਬ ’ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਕਿਸਾਨਾਂ ਦੀ ਵੱਧ ਤੋਂ ਵੱਧ ਮੱਦਦ ਕਰੀਏ : ਐਡਵੋਕੇਟ ਅਜੀਤ ਵਰਮਾ
ਕੋਟਕਪੂਰਾ, 5 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਅੰਦਰ ਆਏ ਹੜ੍ਹਾਂ ਨੇ ਜਿੱਥੇ ਭਾਰੀ ਤਬਾਹੀ ਕੀਤੀ ਹੈ, ਉੱਥੇ ਪ੍ਰਭਾਵਿਤ ਇਲਾਕਿਆਂ ’ਚ ਰਹਿ ਰਹੇ ਲੋਕਾਂ ਨੂੰ ਘਰ-ਬਾਰ ਛੱਡ ਕੇ ਦੂਰ ਸੁਰੱਖਿਅਤ ਥਾਵਾਂ ’ਤੇ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਜਿੱਥੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਹੋਰ ਪਹੁੰਚ ਰਹੇ ਹਨ, ਉੱਥੇ ਹੀ ਸਾਨੂੰ ਸਭ ਨੂੰ ਪਿੰਡ ਪੱਧਰ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਐਡਵੋਕੇਟ ਅਜੀਤ ਵਰਮਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਵੀ ਆਪਣਾ ਫਰਜ਼ ਸਮਝਦੇ ਹੋਏ ਹੜ੍ਹ ਪੀੜਤਾਂ ਪੀੜ੍ਹਤਾਂ ਦੀ ਮੱਦਦ ਲਈ ਤਿਲ ਫ਼ੁੱਲ ਦਾ ਯੋਗਦਾਨ ਪਾਉਣ ਲਈ ਇੱਕ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਆਪ ਸਭ ਦੇ ਸਹਿਯੋਗ ਨਾਲ ਸੇਵਾ ਰਾਸ਼ੀ ਇਕੱਤਰ ਕਰਕੇ ਪ੍ਰਭਾਵਿਤ ਖੇਤਰ ਵਿੱਚ ਲੋੜੀਂਦੀ ਸਮੱਗਰੀ ਦੀ ਸੇਵਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜੇਕਰ ਕੋਈ ਵੀਰ/ਭੈਣ ਇਸ ਸਬੰਧ ਵਿੱਚ ਸੁਝਾਅ ਜਾਂ ਸੇਵਾ ਦੇਣਾ ਚਾਹੁੰਦਾ ਹੈ ਤਾਂ ਉਹਨਾਂ ਮੋਬਾਈਲ ਨੰਬਰ 99142-50653 (ਅਜੀਤ ਵਰਮਾ), 90418-70005 (ਤੇਜਿੰਦਰ ਕੁਮਾਰ ਸੋਨੂੰ) ਨਾਲ ਸੰਪਰਕ ਕਰ ਸਕਦਾ ਹੈ। ਐਡਵੋਕੇਟ ਅਜੀਤ ਵਰਮਾ ਨੇ ਦੱਸਿਆ ਕਿ ਜਿਹੜੇ ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਆਇਆ ਹੈ, ਉੱਥੇ ਮਕਾਨ ਡਿੱਗ ਪਏ ਹਨ, ਕਈਆਂ ਦੇ ਪਸ਼ੂ ਰੁੜ੍ਹ ਗਏ ਹਨ ਤੇ ਕਈਆਂ ਦਾ ਘਰਾਂ ’ਚ ਰੱਖਿਆ ਰਾਸ਼ਨ ਅਤੇ ਹੋਰ ਸਾਮਾਨ ਇਨ੍ਹਾਂ ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹ ਗਿਆ ਹੈ। ਇਸ ਤੋਂ ਇਲਾਵਾ ਹਜ਼ਾਰਾਂ ਏਕੜ ਜ਼ਮੀਨਾਂ ਵਿੱਚ ਖੜ੍ਹੀ ਫ਼ਸਲ ਤਬਾਹ ਹੋ ਗਈ ਹੈ। ਉਹਨਾਂ ਕਿਹਾ ਕਿ ਜਦੋਂ ਕਦੇ ਵੀ ਪੰਜਾਬ ’ਤੇ ਕੋਈ ਆਫ਼ਤ ਆਈ ਹੈ, ਉਦੋਂ ਹੀ ਪੰਜਾਬੀ ਭਾਵੇਂ ਕਿਸੇ ਵੀ ਮੁਲਕ ’ਚ ਕਿਉਂ ਨਾ ਹੋਣ, ਸਭ ਤੋਂ ਅੱਗੇ ਹੋ ਕੇ ਮੱਦਦ ਕਰਦੇ ਹਨ ਅਤੇ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਲਈ ਬਹੁਤ ਸਾਰਾ ਰਾਸ਼ਨ ਅਤੇ ਪਸ਼ੂਆਂ ਲਈ ਹਰਾ ਚਾਰਾ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਹੜ੍ਹ ਪੀੜਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਪਵੇਗਾ, ਜਿਸ ਲਈ ਆਪੋ ਆਪਣੇ ਪੱਧਰ ’ਤੇ ਪੈਸੇ ਇਕੱਠੇ ਕਰਕੇ ਹੜ੍ਹ ਪੀੜਤਾਂ ਨੂੰ ਪਹੁੰਚਾਈਏ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੱਦਦ ਕਰੀਏ ਤਾਂ ਜੋ ਉਹ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।