ਪੰਜਾਬ ਸਰਕਾਰ/ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਹੂਲਤ ਲਈ ਲਗਾਤਾਰ ਯਤਨਸ਼ੀਲ : ਸੇਖੋਂ
ਵਿਧਾਇਕ ਸੇਖੋਂ ਨੇ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੀਤੀ ਅਪੀਲ
ਕੋਟਕਪੂਰਾ, 5 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਭਾਰੀ ਮਾਤਰਾ ਵਿੱਚ ਮੀਂਹ ਪੈਣ ਕਾਰਨ ਹਲਕਾ ਫ਼ਰੀਦਕੋਟ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਲਗਾਤਾਰ ਉਪਰਾਲੇ ਕਰਕੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਿੰਡ ਮਚਾਕੀ ਕਲਾਂ, ਮਚਾਕੀ ਖੁਰਦ, ਬਸਤੀ ਹਿੰਮਤਪੁਰਾ ਅਤੇ ਅਰਾਈਆਂਵਾਲਾ ਕਲਾਂ ਦੇ ਪਾਣੀ ਦੀ ਨਿਕਾਸੀ ਦਾ ਮੌਕੇ ’ਤੇ ਹੱਲ ਕਰਵਾਉਂਦਿਆਂ ਕੀਤਾ। ਵਿਧਾਇਕ ਸੇਖੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਅਗਵਾਈ ਹੇਠ ਸਾਰਾ ਪ੍ਰਸ਼ਾਸਨ ਲੋਕਾਂ ਦੀ ਸਹੂਲਤ ਲਈ ਦਿਨ-ਰਾਤ ਹਰੇਕ ਪਿੰਡ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਪਾਣੀ ਆਉਣ ਦੀ ਸੰਭਾਵਨਾ ਹੈ, ਉਨ੍ਹਾਂ ਪਿੰਡਾਂ ਵਿੱਚ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਪਾਣੀ ਇੱਕਠਾ ਹੋਇਆ ਹੈ, ਉਸ ਨੂੰ ਵੀ ਸੇਮ ਨਾਲਿਆਂ ਵਿੱਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮੌਸਮ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ, ਅਗਲੇ ਦਿਨਾਂ ਵਿੱਚ ਸਥਿੱਤੀ ਆਮ ਵਾਂਗ ਹੋ ਜਾਵੇਗੀ। ਵਿਧਾਇਕ ਸੇਖੋਂ ਨੇ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਹੈ ਤੇ ਪੰਜਾਬ ਸਰਕਾਰ ਸਮੇਤ ਸਮੁੱਚਾ ਪੰਜਾਬੀ ਭਾਈਚਾਰਾ ਹੜ ਪੀੜਤਾਂ ਦੀ ਮੱਦਦ ਕਰ ਰਿਹਾ ਹੈ ਤੇ ਪਿਛਲੇ ਦਿਨੀਂ ਫ਼ਰੀਦਕੋਟ ਦੀ ਸੰਗਤ ਵੱਲੋਂ ਵੀ ਵੱਡੀ ਗਿਣਤੀ ਵਿੱਚ ਚਾਰਾ, ਲੰਗਰ, ਰਾਸ਼ਨ, ਦਵਾਈਆਂ ਆਦਿ ਉਹ ਖੁਦ ਸੰਗਤ ਨਾਲ ਜਾ ਕੇ ਫਿਰੋਜ਼ਪੁਰ ਦੇ ਹੜ ਪੀੜਤਾਂ ਨੂੰ ਵੰਡ ਕੇ ਆਏ ਹਨ ਤੇ ਅੱਗੇ ਵੀ ਇਹ ਸੇਵਾ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮੱਦਦ ਕਰਨ ਲਈ ਅੱਗੇ ਆਉਣ। ਇਸ ਮੌਕੇ ਹੋਰਨਾ ਤੋਂ ਇਲਾਵਾ ਐਸ.ਐਚ.ਓ. ਰਾਜ਼ੇਸ਼ ਕੁਮਾਰ, ਰਮਨਦੀਪ ਸਿੰਘ ਮੁਮਾਰਾ, ਚੇਅਰਮੈਨ ਮਾਰਕਿਟ ਕਮੇਟੀ, ਸਿੰਘ, ਸਰਪੰਚ ਮਚਾਕੀ ਕਲਾਂ, ਰਾਜਦੀਪ ਸਰਪੰਚ ਮਹਿਮੂਆਣਾ, ਅਮਰਜੀਤ ਸਿੰਘ ਪਰਮਾਰ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਨੈਬ ਸਿੰਘ, ਗੋਰਾ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ।