
ਪਟਿਆਲਾ 5 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਜਾਣੇ-ਪਛਾਣੇ ਪੰਜਾਬੀ ਅਧਿਆਪਕ, ਲੇਖਕ, ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਨੂੰ ਉੱਤਰਪ੍ਰਦੇਸ਼ ਦੀਆਂ ਦੋ ਸਾਹਿਤਕ ਤੇ ਸਮਾਜਕ ਸੰਸਥਾਵਾਂ ਵੱਲੋਂ ਅੱਜ ਅਧਿਆਪਕ ਦਿਵਸ (5.9.2025) ਤੇ ਉਤਕ੍ਰਿਸ਼ਟ ਸਿੱਖਿਆ ਸੇਵਾਵਾਂ ਦੇਣ ਦੇ ਇਵਜ਼ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਹਿਲੀ ਹੈ – ਧਾਮਪੁਰ (ਉੱਤਰਪ੍ਰਦੇਸ਼) ਦੀ ‘ਅਨਿਲ ਅਭਿਵਿਅਕਤੀ’ ਜਿਸ ਵੱਲੋਂ 42 ਅਧਿਆਪਕਾਂ ਨੂੰ ਸਨਮਾਨ ਪੱਤਰ ਦਿੱਤੇ ਗਏ ਹਨ; ਤੇ ਦੂਜੀ ਹੈ – ਪੁਵਾਯਾਂ, ਸ਼ਾਹਜਹਾਂਪੁਰ (ਉਪ੍ਰ) ਦੀ ‘ਪ੍ਰੇਰਣਾ ਪਰਿਵਾਰ’, ਜਿਸਨੇ 81 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਦੋਹਾਂ ਸੰਸਥਾਵਾਂ ਵੱਲੋਂ ਦਿੱਤੇ ਗਏ ਇਨ੍ਹਾਂ ਸਨਮਾਨਾਂ ਵਿੱਚ ਪੰਜਾਬ ਤੋਂ ਸਿਰਫ਼ ਪ੍ਰੋ. ਨਵ ਸੰਗੀਤ ਸਿੰਘ ਦੀ ਹੀ ਚੋਣ ਕੀਤੀ ਗਈ ਹੈ, ਬਾਕੀ ਅਧਿਆਪਕ ਦੇਸ਼ ਦੇ ਹੋਰ ਰਾਜਾਂ ਵਿੱਚੋਂ ਹਨ। ਇਹ ਸਨਮਾਨ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਣਨ ਦੇ ਜਨਮਦਿਨ (5 ਸਤੰਬਰ) ਤੇ ਹਰ ਸਾਲ ਉਨ੍ਹਾਂ ਅਧਿਆਪਕਾਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਸਿੱਖਿਆ ਅਤੇ ਅਧਿਆਪਨ ਦੇ ਖੇਤਰ ਵਿੱਚ ਕੋਈ ਉਲੇਖਨੀਯ ਪ੍ਰਾਪਤੀ ਕੀਤੀ ਹੁੰਦੀ ਹੈ। ਪ੍ਰੋ. ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਮਦਮਾ ਸਾਹਿਬ ਕੈਂਪਸ ਵਿੱਚ ਦੋ ਦਹਾਕਿਆਂ ਤੋਂ ਵਧੀਕ ਸਮੇਂ ਲਈ ਅਧਿਆਪਨ ਕਾਰਜ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਦੀਆਂ 17 ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਨ੍ਹਾਂ ਨੇ ਕਰੀਬ 35 ਸਾਲ ਵੱਖ ਵੱਖ ਕਾਲਜਾਂ/ਯੂਨੀਵਰਸਿਟੀਆਂ ਵਿੱਚ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਮਾਤਭਾਸ਼ਾ ਪੰਜਾਬੀ ਦੀ ਸਿੱਖਿਆ ਦਿੱਤੀ ਤੇ ਨਾਲ ਨਾਲ ਹੋਰ ਗਤੀਵਿਧੀਆਂ (ਯੂਥ ਕੋਆਰਡੀਨੇਟਰ, ਪ੍ਰੋਗਰਾਮ ਅਫ਼ਸਰ, ਮੈਗਜ਼ੀਨ ਸੰਪਾਦਕ, ਸਾਹਿਤਕ-ਸਭਿਆਚਾਰਕ-ਧਾਰਮਿਕ ਬੁਲਾਰਾ, ਮੰਚ ਸੰਚਾਲਕ, ਵਿਸ਼ਾ ਮਾਹਿਰ ਆਦਿ) ਨੂੰ ਤਨਦੇਹੀ ਨਾਲ ਨਿਭਾਇਆ। ਪ੍ਰੋ. ਸਿੰਘ ਨੇ ਦੱਸਿਆ ਕਿ ਇਨ੍ਹਾਂ ਸਨਮਾਨਾਂ ਨਾਲ ਉਨ੍ਹਾਂ ਅੰਦਰਲੇ ਅਧਿਆਪਕ ਨੂੰ ਹੋਰ ਹੌਸਲਾ ਮਿਲਿਆ ਹੈ। ਇਸ ਪ੍ਰਾਪਤੀ ਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਉਨ੍ਹਾਂ ਦੇ ਸ਼ੁਭਚਿੰਤਕਾਂ ਅਤੇ ਪ੍ਰਸੰਸਕਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜੇ ਹਨ।