ਪ੍ਰੋਜੈਕਟ ’ਤੇ ਆਵੇਗਾ 18 ਕਰੋੜ 32 ਲੱਖ ਰੁਪਏ ਦਾ ਖਰਚ : ਡੀ.ਸੀ.
ਕੋਟਕਪੂਰਾ, 6 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਦੇਵੀ ਵਾਲਾ ਰੋਡ ਕੋਟਕਪੂਰਾ 8 ਐਮ ਐਲ ਡੀ ਐਸਟੀਪੀ ਤੋਂ ਪਿੰਡ ਦੇਵੀਵਾਲਾ ਡਰੇਨ ਤੱਕ ਦੇ ਸੀਵਰੇਜ ਸਿਸਟਮ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਪ੍ਰੋਜੈਕਟ ਤੇ ਪੰਜਾਬ ਸਰਕਾਰ ਵੱਲੋਂ 18 ਕਰੋੜ 32 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਦੇਵੀ ਵਾਲਾ ਰੋਡ ਕੋਟਕਪੂਰਾ ਦੇ ਏਰੀਏ ਦਾ ਸਲੱਜ ਕੈਰੀਅਰ (ਓਪਨ ਨਾਲਾ) ਜੋ ਕਾਫੀ ਪੁਰਾਣਾ ਹੋਣ ਕਾਰਨ ਥਾਂ -ਥਾਂ ਤੋਂ ਲੀਕ ਹੋ ਜਾਂਦਾ ਸੀ ਅਤੇ ਇਸ ਥਾਂ ਤੇ ਬਰਸਾਤਾਂ ਦੌਰਾਨ ਸੀਵਰੇਜ ਦੀ ਭਾਰੀ ਸਮੱਸਿਆ ਪੈਦਾ ਹੋ ਜਾਂਦੀ ਸੀ। ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਦੀ ਦਿੱਕਤ ਨੂੰ ਦੇਖਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਸ ਪ੍ਰੋਜੈਕਟ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਹੁਣ ਸਪੀਕਰ ਸੰਧਵਾਂ ਦੀਆਂ ਕੋਸ਼ਿਸ਼ਾਂ ਸਦਕਾ ਇਸ ਕੰਮ ਲਈ 18 ਕਰੋੜ 32 ਲੱਖ ਰੁਪਏ ਦੇ ਟੈਂਡਰ ਲੱਗ ਚੁੱਕੇ ਹਨ ਜੋ ਕਿ 8 ਅਕਤੂਬਰ ਨੂੰ ਖੁੱਲਣਗੇ ਅਤੇ ਇਸ ਉਪਰੰਤ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਉਪਰੰਤ ਇਸ ਇਲਾਕੇ ਦੀ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਵਰੇਜ ਬੋਰਡ ਦੇ ਐਸ.ਡੀ.ਓ ਬੀ.ਐਸ ਗਿੱਲ ਨੇ ਦੱਸਿਆ ਕਿ ਦੇਵੀਵਾਲਾ ਰੋਡ ਕੋਟਕਪੂਰਾ 8 ਐਮ.ਐਲ.ਡੀ ਐਸ.ਟੀ.ਪੀ ਤੋਂ ਪਿੰਡ ਦੇਵੀਵਾਲਾ ਦੀ ਡਰੇਨ ਤੱਕ ਸੀਵਰੇਜ ਦੀ ਡੀ ਆਈ ਪਾਈਪ ਪਾਈ ਜਾਣੀ ਹੈ, ਜਿਸਦੀ ਲੰਬਾਈ 5150 ਮੀਟਰ ਹੋਵੇਗੀ। ਟੈਂਡਰ ਹੋਣ ਉਪਰੰਤ ਸਪੀਕਰ ਸੰਧਵਾਂ ਵੱਲੋਂ ਆਪਣੇ ਕਰ ਕਮਲਾ ਨਾਲ ਇਸ ਪ੍ਰਾਜੈਕਟ ’ਤੇ ਤੁਰਤ ਕੰਮ ਸ਼ੂਰੂ ਕਰਵਾਏ ਜਾਣਗੇ।