ਕੋਟਕਪੂਰਾ, 6 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਸਟੇਟ ਬੈਂਕ ਬਰਾਂਚ ਸਾਦਿਕ ਵੱਲੋਂ ਆਪਣੇ ਖਪਤਕਾਰਾਂ ਦੀ ਰਕਮ ਦੀ ਭਰਪਾਈ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 21 ਜੁਲਾਈ 2025 ਨੂੰ ਐਸਬੀਆਈ ਸਾਦਿਕ ਸ਼ਾਖਾ ਵਿੱਚ ਹੋਈ ਵਿੱਤੀ ਧੋਖਾਧੜੀ ਦੀ ਘਟਨਾ ਤੋਂ ਬਾਅਦ, ਖੇਤਰੀ ਪ੍ਰਬੰਧਕ ਪ੍ਰਵੀਨ ਸੋਨੀ ਨੇ ਪ੍ਰਭਾਵਿਤ ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਧੋਖਾਧੜੀ ਵਾਲੀਆਂ ਐਂਟਰੀਆਂ ਨੂੰ ਟਰੇਸ ਕਰਕੇ ਜਲਦੀ ਭੁਗਤਾਨ ਸ਼ੁਰੂ ਕੀਤਾ ਜਾਵੇਗਾ। ਇਸ ਵਾਅਦੇ ’ਤੇ ਪੂਰਾ ਉਤਰਦੇ ਹੋਏ ਪਹਿਲੀਆਂ ਤਿੰਨ ਕਿਸ਼ਤਾਂ ਵਿੱਚ ਕਰੀਬ 75 ਲੱਖ ਰੁਪਏ ਖਾਤਾਧਾਰਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ ਤੇ ਅੱਜ ਚੌਥੀ ਕਿਸ਼ਤ ਵਿੱਚ 24 ਲੱਖ ਰੁਪਏ ਤੋਂ ਵੱਧ ਦੀ ਰਕਮ ਖਾਤਾ ਧਾਰਕਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ। ਬੈਂਕ ਅਧਿਕਾਰੀ ਸੁਖਜੀਤ ਸਿੰਘ ਤੇ ਸ਼ਸ਼ਾਂਤ ਨੇ ਦੱਸਿਆ ਕਿ ਗ੍ਰਾਹਕਾਂ ਨੂੰ ਨਾ ਸਿਰਫ ਮੂਲਧਨ ਅਤੇ ਵਿਆਜ ਵਾਪਸ ਕੀਤਾ ਗਿਆ, ਬਲਕਿ ਵਾਧੂ 1 ਫੀਸਦੀ ਮੁਆਵਜ਼ਾ ਵਿਆਜ ਵੀ ਦਿੱਤਾ ਗਿਆ। ਹਾਜ਼ਰ ਗ੍ਰਾਹਕਾਂ ਨੇ ਇਸ ਕਦਮ ’ਤੇ ਡੂੰਘੀ ਖੁਸ਼ੀ ਜਤਾਈ ਅਤੇ ਕਿਹਾ ਕਿ ਐਸਬੀਆਈ ਦੇਸ਼ ਦਾ ਸਭ ਤੋਂ ਵੱਡਾ ਅਤੇ ਭਰੋਸੇਯੋਗ ਬੈਂਕ ਹੈ, ਜੋ ਕਿਸੇ ਇੱਕ ਦੀ ਗਲਤੀ ਕਾਰਨ ਪ੍ਰਭਾਵਿਤ ਗ੍ਰਾਹਕਾਂ ਦੀ ਵੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਗ੍ਰਾਹਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਬਾਕੀ ਬਚੇ ਪ੍ਰਭਾਵਿਤ ਗ੍ਰਾਹਕਾਂ ਨੂੰ ਵੀ ਜਲਦ ਭੁਗਤਾਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਾਦਿਕ ਸ਼ਾਖਾ ਤੋਂ ਸ਼ਸ਼ਾਂਕ ਸ਼ੇਖਰ (ਡਿਪਟੀ ਮੈਨੇਜਰ), ਨਰਿੰਦਰ ਸਿੰਘ (ਡਿਪਟੀ ਮੈਨੇਜਰ) ਅਤੇ ਸੁਖਜੀਤ ਸਿੰਘ (ਡਿਪਟੀ ਮੈਨੇਜਰ) ਸਮੇਤ ਸਮੂਹ ਸਟਾਫ਼ ਹਾਜਰ ਸੀ।