ਕੋਟਕਪੂਰਾ,7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਅੰਦਰ ਆਏ ਹੜ੍ਹਾਂ ਨੇ ਜਿੱਥੇ ਭਾਰੀ ਤਬਾਹੀ ਕੀਤੀ ਹੈ, ਉੱਥੇ ਪ੍ਰਭਾਵਿਤ ਇਲਾਕਿਆਂ ’ਚ ਰਹਿ ਰਹੇ ਲੋਕਾਂ ਨੂੰ ਘਰ-ਬਾਰ ਛੱਡ ਕੇ ਦੂਰ ਸੁਰੱਖਿਅਤ ਥਾਵਾਂ ’ਤੇ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਜਿੱਥੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਹੋਰ ਪਹੁੰਚ ਰਹੇ ਹਨ, ਉੱਥੇ ਹੀ ਸਾਨੂੰ ਸਭ ਨੂੰ ਪਿੰਡ ਪੱਧਰ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂਕੁਲ ਸਕੂਲ ਕੋਟਕਪੂਰਾ ਦੇ ਪਿ੍ਰੰਸੀਪਲ ਅਤੇ ਸਮਾਜਸੇਵੀ ਮੈਡਮ ਅੰਜੂ ਸ਼ਰਮਾਂ ਨੇ ਕੀਤਾ। ਸਮਾਜਸੇਵੀ ਮੈਡਮ ਅੰਜੂ ਸ਼ਰਮਾਂ ਅਤੇ ਉਹਨਾਂ ਦੀ ਟੀਮ ਵੀ ਫਿਰੋਜ਼ਪੁਰ ਦੇ ਕਈ ਪਿੰਡਾਂ ਦੇ ਹੜ੍ਹ ਪੀੜਤ ਲੋਕਾਂ ਲਈ ਖਾਣ ਪੀਣ ਦਾ ਸਮਾਨ ਲੈ ਕੇ ਪੁੱਜੇ ਤੇ ਉਹਨਾਂ ਦੇ ਦੁੱਖ ਵਿਚ ਸ਼ਰੀਕ ਹੋਏ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਉ ਕੁਦਰਤ ਦੀ ਇਸ ਕਰੋਪੀ ਵਿਚ ਫਸੇ ਲੋਕਾਂ ਲਈ ਅੱਗੇ ਆਈਏ ਤੇ ਹੜ ਪੀੜਤ ਲੋਕਾਂ ਦੇ ਦੁੱਖਾਂ ਨੂੰ ਵੰਡਾਈਏ। ਉਹਨਾਂ ਆਖਿਆ ਕਿ ਜਦੋਂ ਕਦੇ ਵੀ ਪੰਜਾਬ ’ਤੇ ਕੋਈ ਆਫ਼ਤ ਆਈ ਹੈ, ਉਦੋਂ ਹੀ ਪੰਜਾਬੀ ਭਾਵੇਂ ਕਿਸੇ ਵੀ ਮੁਲਕ ’ਚ ਕਿਉਂ ਨਾ ਹੋਣ, ਸਭ ਤੋਂ ਅੱਗੇ ਹੋ ਕੇ ਮੱਦਦ ਕਰਦੇ ਹਨ ਅਤੇ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਲਈ ਬਹੁਤ ਸਾਰਾ ਰਾਸ਼ਨ ਅਤੇ ਪਸ਼ੂਆਂ ਲਈ ਹਰਾ ਚਾਰਾ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਪੀੜਤ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਪਵੇਗਾ, ਜਿਸ ਲਈ ਪਿੰਡ ਪੱਧਰ ’ਤੇ ਪੈਸੇ ਇਕੱਠੇ ਕਰਕੇ ਹੜ੍ਹ ਪੀੜਤਾਂ ਨੂੰ ਪਹੁੰਚਾਈਏ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਕਿਸਾਨ ਭਰਾਵਾਂ ਦੀ ਮੱਦਦ ਕਰੀਏ ਤਾਂ ਜੋ ਉਹ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।