ਇਸ ਵਾਰ ਬਾਬਾ ਫ਼ਰੀਦ ਆਗਮਨ ਪੁਰਬ ਹੜ੍ਹ ਪੀੜਤਾਂ ਨੂੰ ਹੋਵੇਗਾ ਸਮਰਪਿਤ : ਸੇਖੋਂ
ਆਖਿਆ! ਟਰੈਕਟਰਾਂ ਉੱਪਰ ਉੱਚੀ ਅਵਾਜ਼ ਵਿੱਚ ਗਾਣੇ ਲਾਉਣ ਤੋਂ ਗੁਰੇਜ ਕੀਤਾ ਜਾਵੇ

ਕੋਟਕਪੂਰਾ, 9 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਸੇਵਾਦਾਰਾਂ ਦੀ ਬਾਬਾ ਫ਼ਰੀਦ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਬਾਬਾ ਫ਼ਰੀਦ ਲਾਅ ਕਾਲਜ਼ ਫਰੀਦਕੋਟ ਵਿਖੇ ਹੋਈ ਇੱਕ ਅਹਿਮ ਮੀਟਿੰਗ ਵਿੱਚ ਚਰਚਾ ਕੀਤੀ ਗਈ। ਇਸ ਮੌਕੇ ਗੁਰਜਾਪ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 1400 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ। ਜਿਸ ਨੂੰ ਮੱਦੇਨਜ਼ਰ ਰੱਖਦੇ ਇਸ ਸਾਲ ਪ੍ਰਸਾਸ਼ਨ ਵੱਲੋਂ ਆਰਟ ਐੱਡ ਕਰਾਫਟ, ਖੇਡਾਂ ਅਤੇ ਸੱਭਿਆਚਾਰਕ ਮੇਲਾ ਰੱਦ ਕੀਤਾ ਗਿਆ ਹੈ ਅਤੇ ਸਿਰਫ਼ ਧਾਰਮਿਕ ਸਮਾਗਮ ਕਰਵਾਉਣ ਦੀ ਹੀ ਇਜ਼ਾਜਤ ਦਿੱਤੀ ਗਈ ਹੈ ਅਤੇ ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਬਾਬਾ ਫ਼ਰੀਦ ਆਗਮਨ ਪੁਰਬ ਹੜ੍ਹ ਪੀੜਤਾਂ ਨੂੰ ਸਮਰਪਿਤ ਹੋਵੇਗਾ ਅਤੇ ਹੜ੍ਹ ਪੀੜਤਾਂ ਦੀ ਚੜ੍ਹਦੀਕਲਾ ਲਈ ਟਿੱਲਾ ਬਾਬਾ ਫਰੀਦ ਅਤੇ ਗੁ. ਗੋਦੜੀ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਸਭ ਨੂੰ ਅਪੀਲ ਕੀਤੀ ਗਈ ਕਿ ਜੋ ਟਰੈਕਟਰਾਂ ਦੇ ਉੱਪਰ ਉੱਚੀ ਅਵਾਜ਼ ਵਿੱਚ ਗਾਣੇ ਲਾਏ ਜਾਂਦੇ ਹਨ, ਉਸ ਤੋਂ ਗੁਰੇਜ ਕੀਤਾ ਜਾਵੇ, ਸੀਮਿਤ ਲੰਗਰ ਲਾਏ ਜਾਂਦੇ ਹਨ, ਉੱਥੇ ਵੀ ਸਫ਼ਾਈ ਦਾ ਧਿਆਨ ਲੰਗਰ ਲਾਉਣ ਵਾਲੇ ਸ਼ਰਧਾਲੂ ਆਪ ਹੀ ਕਰਨ ਅਤੇ ਡਿਸਪੋਜ਼ੇਬਲ ਦੀ ਵਰਤੋਂ ਤੋਂ ਵੀ ਪ੍ਰਹੇਜ਼ ਕੀਤਾ ਜਾਵੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਸੇਖੋਂ, ਦੀਪਇੰਦਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਕੁਲਜੀਤ ਸਿੰਘ ਮੌਂਗੀਆ ਅਤੇ ਨਰਿੰਦਰ ਪਾਲ ਸਿੰਘ ਬਰਾੜ ਮੈਂਬਰਜ਼ ਵੀ ਸ਼ਾਮਿਲ ਸਨ।