ਫ਼ਰੀਦਕੋਟ 10 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਸਲੈਬ ਦਰਾਂ ਵਿੱਚ ਕੀਤੀ ਗਈ ਕਟੌਤੀ ਦਾ ਵਪਾਰੀਆਂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾ ਰਿਹਾ ਹੈ। ਵਪਾਰ ਮੰਡਲ ਲੰਮੇ ਸਮੇਂ ਤੋਂ ਮੰਗ ਕਰ ਰਿਹਾ ਸੀ ਕਿ ਜੀ.ਐਸ.ਟੀ. ਦਰਾਂ ਵਿੱਚ ਰਾਹਤ ਦਿੱਤੀ ਜਾਵੇ ਤਾਂ ਜੋ ਵਪਾਰ ਕਰਨਾ ਆਸਾਨ ਹੋ ਸਕੇ ਅਤੇ ਖਪਤਕਾਰਾਂ ਨੂੰ ਵੀ ਲਾਭ ਮਿਲ ਸਕੇ।
ਕਾਮਰੇਡ ਸ਼ਾਮ ਸੁੰਦਰ ਕਾਠਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਸਲੈਬ ਵਿੱਚ ਸੋਧ ਕਰਕੇ ਵਪਾਰੀਆਂ ਨੂੰ ਹੁੰਸਲਾ ਦਿੱਤਾ ਜਾ ਰਿਹਾ ਹੈ। ਪਹਿਲਾਂ ਕਾਪੀ ਅਤੇ ਪੈਨਸਿਲ ‘ਤੇ 18 ਪ੍ਰਤੀਸ਼ਤ ਜੀ.ਐਸ.ਟੀ. ਸੀ, ਜਿਸਨੂੰ ਘਟਾ ਕੇ 5 ਪ੍ਰਤੀਸ਼ਤ ਕੀਤਾ ਗਿਆ। ਇਹ ਕਦਮ ਕਾਬਲੇ-ਤਾਰੀਫ਼ ਸੀ। ਹੁਣ ਤਾਂ ਸਰਕਾਰ ਵੱਲੋਂ ਸਿੱਖਿਆ ਖੇਤਰ ‘ਤੇ ਟੈਕਸ ਮੁਆਫ਼ ਕੀਤਾ ਗਿਆ ਹੈ, ਜੋ ਬਹੁਤ ਹੀ ਸਲਾਹੁਣਯੋਗ ਫੈਸਲਾ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਦਵਾਈਆਂ ‘ਤੇ ਲਗਣ ਵਾਲੀਆਂ ਦਰਾਂ ਅਤੇ ਕੰਪਨੀਆਂ ਵੱਲੋਂ ਰੇਟ ਵਧਾ ਕੇ ਲਿਖਣ ਦੇ ਰੁਝਾਨ ‘ਤੇ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।
ਕਾਠਪਾਲ ਨੇ ਕਿਹਾ ਕਿ ਟੈਕਸ ਦਰਾਂ ਵਿੱਚ ਕੀਤੀ ਕਟੌਤੀ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਉਹ ਘੱਟ ਹੈ। ਸਮੂਹ ਵਪਾਰੀ ਵਰਗ ਰਾਹਤ ਮਹਿਸੂਸ ਕਰ ਰਿਹਾ ਹੈ।