ਸ੍ਰੀ ਮੁਕਤਸਰ ਸਾਹਿਬ 10 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਕੁਝ ਦਿਨ ਪਹਿਲਾਂ ਸ੍ਰ. ਨਿਰਮਲਜੀਤ ਸਿੰਘ ਨੇ ਸਥਾਨਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਮੈਨੇਜਰ ਵਜੋਂ ਅਹੁਦਾ ਸੰਭਾਲਿਆ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸ੍ਰ. ਨਿਰਮਲਜੀਤ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਸੰਸਥਾ ਦੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਸਹਾਇਕ ਜਨਰਲ ਸਕੱਤਰ ਗੁਰਪਾਲ ਸਿੰਘ ਪਾਲੀ, ਸਲਾਹਕਾਰ ਕੇ.ਐੱਲ. ਮਹਿੰਦਰਾ ਅਤੇ ਮਿਸ਼ਨ ਫੋਟੋ ਗ੍ਰਾਫਰ ਨਰਿੰਦਰ ਕਾਕਾ ਮੌਜੂਦ ਸਨ। ਮੁਲਾਕਾਤ ਦੌਰਾਨ ਵਫ਼ਦ ਨੇ ਸ੍ਰ. ਨਿਰਮਲਜੀਤ ਸਿੰਘ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੇ ਅਤੇ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਢੋਸੀਵਾਲ ਨੇ ਮੈਨੇਜਰ ਸਾਹਿਬ ਨੂੰ ਵਿਕਾਸ ਮਿਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ ਜਿਸ ਨੂੰ ਸੁਣ ਕੇ ਉਹ ਕਾਫੀ ਪ੍ਰਭਾਵਤ ਹੋਏ ਅਤੇ ਮਿਸ਼ਨ ਨੂੰ ਵਧਾਈ ਦਿੱਤੀ। ਉਕਤ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਮੁਲਾਕਾਤ ਦੌਰਾਨ ਮੈਨੇਜਰ ਸਾਹਿਬ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵੱਲੋਂ ਹੜ ਪੀੜਤਾਂ ਲਈ ਹਰ ਰੋਜ਼ ਲੰਗਰ ਤੇ ਪਸ਼ੂਆਂ ਲਈ ਚਾਰਾ ਭੇਜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿੰਡਾਂ ਵਿੱਚ ਤਰਪਾਲਾਂ ਅਤੇ ਹੋਰ ਲੋੜੀਂਦਾ ਸਮਾਨ ਵੀ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਅੱਗੇ ਇਹ ਪੀ ਜਾਣਕਾਰੀ ਦਿੱਤੀ ਹੈ ਕਿ ਸਥਾਨਕ ਪਿੰਡਾਂ ਵਿੱਚੋਂ ਪਾਣੀ ਦਾ ਪੱਧਰ ਘਟਣ ਪਿਛੋਂ ਗੁਰਦੁਆਰਾ
ਸ੍ਰੀ ਦਰਬਾਰ ਸਾਹਿਬ ਵੱਲੋਂ ਇਹਨਾਂ ਇਲਾਕਿਆਂ ਵਿੱਚ ਫੋਗਿੰਗ ਕੀਤੀ ਜਾਵੇਗੀ ਅਤੇ ਦਵਾਈਆਂ ਆਦਿ ਸਪਲਈ ਕੀਤੀਆਂ ਜਾਣਗੀਆਂ। ਪ੍ਰਧਾਨ ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਿਸ਼ਨ ਵੱਲੋਂ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਖੇ ਅਰਦਾਸ ਵੀ ਕਰਵਾਈ ਗਈ।