ਸਦਾ ਰਾਮ ਬਾਂਸਲ ਸਕੂਲ ’ਚ ਜਾਗਰੂਕਤਾ ਵਾਲੇ ਸੈਮੀਨਾਰ ਰਹਿਣਗੇ ਜਾਰੀ : ਪਿ੍ਰੰਸੀਪਲ ਸਪਨਾ ਸ਼ਰਮਾ
ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਦਾ ਰਾਮ ਬਾਂਸਲ ਸਕੂਲ ਵਿੱਚ ਸਵੇਰ ਦੀ ਪ੍ਰਾਥਨਾ ਸਭਾ ਵਿੱਚ ਮੈਡਮ ਰੇਨੁਕਾ ਨੇ ਆਪਣੇ ਵਿਚਾਰ ਬੱਚਿਆਂ ਨਾਲ ਸਾਂਝਿਆ ਕਰਦਿਆਂ ਕਿਹਾ ਕਿ ਬੱਚੇ ਆਪਣੀਆਂ ਵਿਸ਼ੇਸ਼ਤਾਵਾਂ ਅਤੇ ਕਮੀਆਂ ਨੂੰ ਕਿਵੇਂ ਪਰਖ ਸਕਦੇ ਹਨ, ਉਹਨਾਂ ਨੇ ਬੱਚਿਆਂ ਨੂੰ ਸਵੈ-ਜਾਗਰੂਕਤਾ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿੰਦਗੀ ਵਿੱਚ ਹਰ ਮੋੜ ’ਤੇ ਆਪਣੇ ਆਪ ਨੂੰ ਪਰਖਣ ਦਾ ਇੱਕ ਤਰੀਕਾ ਦੱਸਿਆ। ਉਹਨਾਂ ਕਈ ਉਦਾਹਰਣਾਂ ਦਿੰਦਿਆਂ ਬੱਚਿਆਂ ਨੂੰ ਸਮਝਾਇਆ ਕਿ ਕਿਵੇਂ ਉਹ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਕਮੀਆਂ ਨੂੰ ਤਾਕਤ ਵਿੱਚ ਬਦਲ ਸਕਦੇ ਹਨ। ਵਿਦਿਆਰਥੀ ਆਪਣੀ ਤੁਲਨਾ ਕਿਸੇ ਦੂਜੇ ਨਾਲ ਕਰਕੇ ਆਪਣੇ ਲਈ ਇੱਕ ਮੁਸ਼ਕਿਲ ਖੜੀ ਕਰ ਲੈਂਦੇ ਹਨ, ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਤੇ ਉਸਦਾ ਅਸਰ ਪੂਰੀ ਜਿੰਦਗੀ ਭੁਗਤਣਾ ਪੈਂਦਾ ਹੈ। ਇਨਸਾਨ ਨੂੰ ਸਿਰਫ ਆਪਣੇ ਮਿਹਨਤ ’ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਕਰਕੇ ਉਹ ਖੁਸ਼ਹਾਲ ਜ਼ਿੰਦਗੀ ਜੀ ਸਕਦਾ ਹੈ, ਕਿਉਂਕਿ ਮਿਹਨਤ ਸਦਕਾ ਹੀ ਅਸੀਂ ਆਪਣੇ ਆਪ ਨੂੰ ਉੱਚਾ ਚੁੱਕ ਸਕਦੇ ਹਾਂ ਆਪਣੇ ਆਰਾਮਦਾਇਕ ਖੇਤਰ ਤੋਂ ਬਾਹਰ ਆ ਕੇ ਨਵੇਂ ਹੁਨਰ ਸਿੱਖਣ ਲਈ ਤਿਆਰ ਰਹਿਣ ਅਤੇ ਮਹਾਨ ਸ਼ਖਸੀਅਤਾਂ ਦੀ ਜੀਵਨੀ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਨੂੰ ਇੱਕ ਨਵਾਂ ਰੂਪ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਬੱਚੇ ਹਰ ਰੋਜ਼ ਆਪਣੀ ਜ਼ਿੰਦਗੀ ਦਾ ਵੇਰਵਾ ਲੈ ਕੇ ਆਪਣੇ ਆਪ ਨੂੰ ਪਰਖਣ ਅਤੇ ਇੱਕ ਨਵੇਂ ਮੁਕਾਮ ’ਤੇ ਪੁੱਜਣ। ਪ੍ਰਿੰਸੀਪਲ ਸ਼੍ਰੀਮਤੀ ਸਪਨਾ ਸ਼ਰਮਾ ਨੇ ਰੇਨੂਕਾ ਮੈਡਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਬੱਚਿਆਂ ਨੂੰ ਆਪਣੇ ਸਫਲਤਾ ਪ੍ਰਾਪਤ ਕਰਨ ਦੇ ਨਵੇਂ ਨਵੇਂ ਤਰੀਕੇ ਦੱਸਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਮਿਹਨਤ ਕਰਕੇ ਸਫਲਤਾ ਦੀਆਂ ਉਚਾਈਆਂ ਤੱਕ ਪੁੱਜ ਸਕਣ।