ਸਰੀ, 11 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਰੀ ਸ਼ਹਿਰ ਵਿਚ ਸਮਾਜ ਦੀ ਬਿਹਤਰੀ ਲਈ ਕਾਰਜਸ਼ੀਲ ਸੰਸਥਾ ‘ਚੜ੍ਹਦੀ ਕਲਾ ਬ੍ਰਦਰਹੁਡ ਵੈਲਫੇਅਰ ਐਸੋਸੀਏਸ਼ਨ’ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜਸਵਿੰਦਰ ਸਿੰਘ ਦਿਲਾਵਰੀ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿਚ ਬੀਸੀ ਦੀ ਸੂਬਾਈ ਸਰਕਾਰ ਅਤੇ ਸਰੀ ਸਿਟੀ ਕੌਂਸਲ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼ਹੀਦੀ ਦਿਨ ਮਨਾਉਣ ਸਬੰਧੀ ਕੀਤੇ ਗਏ ਐਲਾਨਨਾਮੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ‘ਚੜ੍ਹਦੀ ਕਲਾ ਬ੍ਰਦਰਹੁਡ ਵੈਲਫੇਅਰ ਐਸੋਸੀਏਸ਼ਨ’ ਦੇ ਮੈਂਬਰਾਂ ਨੇ ਸਰੀ ਸਿਟੀ ਦੀ ਮੇਅਰ ਨਾਲ ਬੀਤੇ ਦਿਨੀਂ ਕੀਤੀ ਇਕ ਮੀਟਿੰਗ ਦੌਰਾਨ ਬੇਨਤੀ ਕੀਤੀ ਸੀ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਮਨਾਉਣ ਲਈ ਐਲਾਨ ਕੀਤਾ ਜਾਵੇ ਅਤੇ ਸਰੀ ਦੀ ਕਿਸੇ ਸੜਕ ਜਾਂ ਪਾਰਕ ਦਾ ਨਾਮ ਸ. ਖਾਲੜਾ ਦੇ ਨਾਮ ‘ਤੇ ਰੱਖਿਆ ਜਾਵੇ।
ਇਸ ਮੀਟਿੰਗ ਵਿਚ ਐਸੋਸੀਏਸ਼ਨ ਵੱਲੋਂ12 ਅਕਤੂਬਰ 2025 ਨੂੰ ਲਾਏ ਜਾਣ ਵਾਲੇ ਦੂਜੇ ਖੂਨਦਾਨ ਕੈਂਪ ਦੀਆਂ ਤਿਆਰੀਆਂ ਦੀ ਵਿਉਂਤਬੰਦੀ ਵੀ ਉਲੀਕੀ ਗਈ ਅਤੇ ਪੰਜਾਬ ਵਿਚ ਹੜਾਂ ਦੀ ਕੁਦਰਤੀ ਕਰੋਪੀ ਦੀ ਲਪੇਟ ਵਿਚ ਆਏ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਇਹਨਾਂ ਪੀੜਤਾਂ ਦੀ ਮਦਦ ਲਈ ਦਾਨ ਰਾਸ਼ੀ ਇਕੱਤਰ ਕਰਨ ਦਾ ਫੈਸਲਾ ਲਿਆ ਗਿਆ। ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਮੌਕੇ ‘ਤੇ ਲੰਗਰ ਲਾਉਣ ਅਤੇ ਕ੍ਰਿਸਮਿਸ ਮੌਕੇ ਟੋਆਏ ਡਰਾਈਵ ਕਰਨ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਵਿਚ ਬਲਜੀਤ ਸਿੰਘ ਰਾਏ, ਲਖਬੀਰ ਗਰੇਵਾਲ, ਹਰਦਮ ਮਾਨ, ਹਰਪ੍ਰੀਤ ਮਨਟਕਲਾ, ਮਨਜੀਤ ਸਿੰਘ ਚੀਮਾ. ਸੰਦੀਪ ਧੰਜੂ, ਅਵਤਾਰ ਸਿੰਘ ਧਨੋਆ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ ਲੱਧੜ, ਦਮਨਦੀਪ ਸਿੰਘ, ਨਿਰੰਜਨ ਸਿੰਘ ਲਹਿਲ, ਮਲਕੀਤ ਸਿੰਘ, ਬੁੱਧੀ ਕਪੂਰ, ਹਰਵਿੰਦਰ ਸਿੰਘ ਖਾਲਸਾ ਸ਼ਾਮਿਲ ਹੋਏ।