ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ’ਚ ਸਥਾਨਕ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਪਾਠ ਦੇ ਭੋਗ ਉਪਰੰਤ ਵਿਦਿਆਰਥੀ-ਵਿਦਿਆਰਥਣਾ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਗਿਆ। ਪੀ.ਬੀ.ਜੀ. ਵੈੱਲਫੇਅਰ ਕਲੱਬ ਅਤੇ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵੱਲੋਂ ਸਾਂਝੇ ਤੌਰ ’ਤੇ ਲਾਏ ਗਏ ਉਕਤ ਖੂਨਦਾਨ ਕੈਂਪ ’ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਅਤੇ ਬਾਲਾਜੀ ਬਲੱਡ ਬੈਂਕ ਕੋਟਕਪੂਰਾ ਦੀਆਂ ਟੀਮਾਂ ਖੂਨਦਾਨੀਆਂ ਤੋਂ 51 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਮਿਸਜ ਸਾਨਿਆ ਨਰੂਲਾ, ਡਿੰਪਲ ਅਗਰਵਾਲ, ਡਿੰਪਲ ਸ਼ਰਮਾ, ਨਿਧੀ ਗਰਗ, ਭੁਪਿੰਦਰ ਸਿੰਘ, ਅਸ਼ੀਮ ਜੋਸ਼ੀ, ਸੰਨੀ ਠਾਕੁਰ ਸਮੇਤ ਸਕੂਲ ਦੇ ਟਰਾਂਸਪੋਰਟ ਵਿਭਾਗ ਦੇ ਬਹੁਤ ਸਾਰੇ ਆਗੂਆਂ ਨੇ ਵੀ ਇਸ ਮੌਕੇ ਆਪਣਾ ਖੂਨਦਾਨ ਕੀਤਾ। ਡੀਸੀਐੱਮ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਪਵਨ ਮਿੱਤਲ, ਪੀਬੀਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਟੀ.ਆਰ. ਅਰੋੜਾ ਨੇ ਮਨੁੱਖਤਾ ਦੀ ਭਲਾਈ ਵਾਲੇ ਇਸ ਸੇਵਾ ਕਾਰਜਾਂ ਵਿੱਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾ ਵਲੋਂ ਦਾਨ ਕੀਤੇ ਗਏ ਖੂਨ ਨਾਲ ਜਿੱਥੇ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕੇਗੀ, ਉੱਥੇ ਇਸ ਤਰਾਂ ਦੇ ਸੇਵਾ ਕਾਰਜਾਂ ਤੋਂ ਹੋਰਨਾ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਅੰਤ ਵਿੱਚ ਸਾਰੇ ਖੂਨਾਦਨੀਆਂ ਨੂੰ ਇੱਕ-ਇੱਕ ਸਰਟੀਫਿਕੇਟ ਅਤੇ ਯਾਦਗਾਈ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।