ਫ਼ਰੀਦਕੋਟ 12 ਸਤੰਬਰ (ਵਰਲਡ ਪੰਜਾਬੀ ਟਾਈਮਜ਼)
‘‘ਮੈਂ ਆਪਣੇ ਹਲਕੇ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿਕਾਸ ਲਈ ਸਦਾ ਯਤਨਸ਼ੀਲ ਰਹਾਂਗਾ। ਹਲਕੇ ਦੀ ਸੇਵਾ ਕਰਨਾ ਮੇਰਾ ਪਹਿਲਾ ਅਤੇ ਮੁੱਢਲਾ ਧਰਮ ਹੈ।’’ ਇਹ ਸ਼ਬਦ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਮੁਲਾਕਾਤ ਦੌਰਾਨ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਹੇ। ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਅਗਵਾਈ ਹੇਠ ਵੱਡੇ ਵਫ਼ਦ ਨੇ ਵਿਧਾਇਕ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਕੀਤੀ ਮੁਲਾਕਾਤ ਦੌਰਾਨ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਿਧਾਇਕ ਸੇਖੋਂ ਨੇ ਅੱਗੇ ਕਿਹਾ ਕਿ ਹੜ੍ਹਾਂ ਦੌਰਾਨ ਪੰਜਾਬ ਸਰਕਾਰ ਨੇ ਪੀੜਤਾਂ ਲਈ ਸ਼ਲਾਘਾਯੋਗ ਕਦਮ ਚੁੱਕੇ ਹਨ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਹਨ। ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਹੋਣ ਦੇ ਨਾਤੇ ਸ੍ਰ. ਸੇਖੋਂ ਨੇ ਕਿਹਾ ਕਿ ਵਾਇਸ ਚਾਂਸਲਰ ਡਾ. ਰਾਜੀਵ ਸੂਦ ਦੇ ਸਾਰਥਿਕ ਯਤਨਾਂ ਅਤੇ ਸਰਕਾਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੇ ਅੰਤਰ ਰਾਸ਼ਟਰੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਐਮ.ਬੀ.ਬੀ.ਐੱਸ. ਲਈ ਪੰਜਾਹ ਸੀਟਾਂ ਤੋਂ ਸ਼ੁਰੂ ਹੋਈਆਂ ਸੀਟਾਂ ਨਾਲ ਹੁਣ 125 ਸੀਟਾਂ ਮਨਜੂਰ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ 250 ਸੀਟਾਂ ਦਾ ਹੈ। ਗੱਲਬਾਤ ਦੌਰਾਨ ਸੇਖੋਂ ਨੇ ਇਹ ਵੀ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਉਨ੍ਹਾਂ ਦੇ ਦਰਵਾਜ਼ੇ ਸਦਾ ਖੁੱਲ੍ਹੇ ਹਨ। ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੇ ਵਫ਼ਦ ਵਿੱਚ ਟਰੱਸਟ ਦੀ ਚੀਫ਼ ਪੈਟਰਨ ਹੀਰਾਵਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ ਅਤੇ ਚੇਅਰਮੈਨ ਪ੍ਰਿੰ. ਕ੍ਰਿਸ਼ਨ ਲਾਲ ਅਤੇ ਜਨਰਲ ਸਕੱਤਰ ਮਲਕੀਅਤ ਸਿੰਘ ਮੰਮਨ ਸਮੇਤ ਸਥਾਨਕ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਮਨਜੀਤ ਖਿੱਚੀ, ਮੁਲਾਜ਼ਮ ਆਗੂ ਅਮਰ ਸਿੰਘ ਮਹਿਮੀ, ਪ੍ਰਸਿੱਧ ਲੇਖਕ ਅਤੇ ਚਿੰਤਕ ਸ਼ਿਵ ਨਾਥ ਦਰਦੀ, ਸ੍ਰੀ ਕ੍ਰਿਸ਼ਨ ਆਰ.ਏ., ਜੀ.ਪੀ. ਛਾਬੜਾ, ਸ਼ਿਵਨਾਥ ਦਰਦੀ, ਬਲਕਾਰ ਸਿੰਘ ਸਹੋਤਾ, ਸਰਬਿੰਦਰ ਸਿੰਘ ਬੇਦੀ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਢੋਸੀਵਾਲ ਨੇ ਸਮੂਹ ਮੈਂਬਰਾਂ ਦੀ ਸ੍ਰ. ਸੇਖੋਂ ਨਾਲ ਮੁਲਾਕਾਤ ਕਰਵਾਉਂਦੇ ਹੋਏ ਕਿਹਾ ਕਿ ਟਰੱਸਟ ਦੀ ਜਿਲ੍ਹਾ ਟੀਮ ਵਿੱਚ ਉੱਚ ਸਿੱਖਿਆ ਪ੍ਰਾਪਤ, ਸਾਬਕਾ ਅਧਿਕਾਰੀ, ਸਮਾਜ ਸੇਵਾ ਨੂੰ ਸਦਾ ਤਤਪਰ ਰਹਿਣ ਵਾਲੇ ਹੀਰਿਆਂ ਵਰਗੇ ਮੈਂਬਰਾਂ ਦੀ ਕਰੀਮ ਸ਼ਾਮਲ ਹੈ। ਇਸ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਢੋਸੀਵਾਲ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ, ਬਿਨਾਂ ਰਿਸ਼ਵਤ ਤੋਂ ਸਰਕਾਰੀ ਵਿਭਾਗਾਂ ਵਿੱਚ ਨਿਯੁਕਤੀ ਅਤੇ ਹੋਰ ਲੋਕ ਪੱਖੀ ਫੈਸਲਿਆਂ ਲਈ ਵਿਧਾਇਕ ਸੇਖੋਂ ਨੂੰ ਵਧਾੱ ਦਿੱਤੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਸਰਬ ਪੱਖੀ ਵਿਕਾਸ, ਸਰਕਾਰੀ ਨਿਯਮਾਂ ਮੁਤਾਬਿਕ ਕੀਤੀਆਂ ਨਿਯੁਕਤੀਆਂ ਅਤੇ ਤਰੱਕੀਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਅੰਦਰ ਐਮ.ਆਰ.ਆਈ. ਸਮੇਤ ਹੋਰ ਜੀਵਨ ਬਚਾਊ ਮਸ਼ੀਨਾਂ ਖਰੀਦਣ ਲਈ ਵਾਇਸ ਚਾਂਸਲਰ ਡਾ. ਸੂਦ ਅਤੇ ਸ੍ਰ. ਸੇਖੋਂ ਨੂੰ ਸਾਂਝੇ ਤੌਰ ’ਤੇ ਵਧਾਈ ਦਿੱਤੀ। ਮੀਟਿੰਗ ਦੌਰਾਨ ਸ੍ਰ. ਸੇਖੋਂ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦਾ ਕਾਰਜਾਂ ਬਾਰੇ ਸੁਣ ਕੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਸਾਸ਼ਨ ਪ੍ਰਸ਼ਾਨ ਅਤੇ ਆਮ ਲੋਕਾਂ ਵਿੱਚ ਮਹੱਤਵ ਪੂਰਨ ਕੜੀ ਦਾ ਕੰਮ ਕਰਦੀਆਂ ਹਨ। ਮੀਟਿੰਗ ਦੌਰਾਨ ਯੂਨੀਵਰਸਿਟੀ ਅਤੇ ਹਲਕੇ ਦੇ ਰਿਕਾਰਡ ਤੋੜ ਵਿਕਾਸ ਲਈ ਸ੍ਰ. ਸੇਖੋਂ ਨੂੰ ਟਰੱਸਟ ਵੱਲੋਂ ਮੈਡਮ ਹੀਰਾਵਤੀ ਰਾਹੀਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।