ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਕੀਤਾ ਸੁਚੇਤ
ਕੋਟਕਪੂਰਾ, 13 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਪ੍ਰਿੰਸੀਪਲ ਡਾ. ਐਸ.ਐਸ. ਬਰਾੜ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਸਟਾਫ ਨੂੰ ਬਰਸਾਤਾਂ ਦੇ ਮੌਸਮ ਵਿੱਚ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਸੁਚੇਤ ਕਰਨ ਦੇ ਮੰਤਵ ਤਹਿਤ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਆਈ.ਡੀ.ਐਸ.ਪੀ. ਡਾ. ਦੀਪਤੀ ਅਰੋੜਾ, ਏ.ਐਮ.ਓ. ਛਿਦਰਪਾਲ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਬਰਸਾਤ ਦੇ ਬਰਸਾਤਾਂ ਦੇ ਇਸ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ,ਦਸਤ ਰੋਗ, ਹੈਪਿਟਾਈਟਸ ਏ ਤੇ ਈ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਹਲਕਾ ਬੁਖਾਰ, ਸਰੀਰ ਅਤੇ ਪੇਟ ਵਿੱਚ ਦਰਦ ਹੋਣ, ਦਿਨ ਵਿੱਚ 3 ਵਾਰ ਤੋਂ ਜਿਆਦਾ ਪਤਲੇ ਦਸਤ ਆਉਣ, ਭੁੱਖ ਨਾ ਲੱਗਣਾ, ਉਲਟੀ ਜਾਂ ਅਵਤ ਆਉਣੇ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣ ਹਨ। ਇਸ ਤੋਂ ਬਚਾਅ ਲਈ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਪੀਣ ਦਾ ਪਾਣੀ ਸਾਫ਼ ਭਾਂਡੇ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ। ਟੋਭਿਆਂ ਨੇੜੇ ਲੱਗੇ ਨਲਕਿਆਂ ਦਾ ਪਾਣੀ ਨਹੀਂ ਪੀਣਾ ਚਾਹੀਦਾ। ਖੁੱਲ੍ਹੇ ਮੈਦਾਨ ਵਿੱਚ ਜੰਗਲ ਪਾਣੀ ਨਹੀਂ ਜਾਣਾ ਚਾਹੀਦਾ ਸਿਰਫ ਪਖਾਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜਰੂਰ ਧੋਵੋ। ਗਲੇ-ਸੜੇ, ਜਿਆਦਾ ਕੱਚੇ ਜਾਂ ਜਿਆਦਾ ਪੱਕੇ ਫਲ ਅਤੇ ਸਬਜੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦਸਤ ਰੋਗ ਲੱਗਣ ਤੇ ਓ.ਆਰ.ਐੱਸ. ਦਾ ਘੋਲ ਅਤੇ ਜ਼ਿੰਕ ਦੀ ਵਰਤੋਂ ਕਰੋ। ਉਹਨਾਂ ਦੱਸਿਆ ਕਿ ਪਾਣੀ ਨੂੰਪੀਣਯੋਗ ਬਣਾਉਣ ਲਈ ਨੇੜੇ ਦੀ ਸਿਹਤ ਸੰਸਥਾ ਜਾਂ ਮਿਉਂਸੀਪਲ ਕਮੇਟੀ ਦੇ ਦਫ਼ਤਰ ਤੋਂ ਕਲੋਰੀਨ ਦੀਆਂ ਗੋਲੀਆਂ ਮੁਫ਼ਤ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੋਲ ਫਰੀ ਹੈਲਪ ਲਾਈਨ 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨੋਡਲ ਅਫਸਰ ਆਈ.ਈ.ਸੀ. ਗਤੀਵਿਧੀਆਂ ਬੀ.ਈ.ਈ ਫਲੈਗ ਚਾਵਲਾ, ਸਿਹਤ ਸੁਪਰਵਾਈਜ਼ਰ ਗੁਰਸ਼ਵਿੰਦਰ ਸਿੰਘ ਅਤੇ ਹੈਲਥ ਵਰਕਰ ਇੰਦਰਪ੍ਰੀਤ ਸਿੰਘ ਨੇ ਬਰਸਾਤ ਦੇ ਮੌਸਮ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਦੇ ਕਾਰਨ, ਲੱਛਣਾਂ ਅਤੇ ਬਚਾਅ ਸਬੰਧੀ ਤਿਆਰ ਕੀਤਾ ਜਾਗਰੂਕਤਾ ਪਰਚਾ ਵੀ ਜਾਰੀ ਕਰਵਾਇਆ ਅਤੇ ਸਕੂਲ ਸਟਾਫ ਨੂੰ ਸੁਚੱਜੇ ਢੰਗ ਨਾਲ ਪ੍ਰਦਰਸ਼ਿਤ ਕਰਨ ਦੀ ਅਪੀਲ ਵੀ ਕੀਤੀ। ਕੈਂਪ ਦੇ ਆਯੋਜਨ ਲਈ ਸੰਸਥਾ ਦੇ ਪ੍ਰਿੰਸਪਲ ਡਾ. ਐਸ.ਐਸ. ਬਰਾੜ ਨੇ ਸਮੂਹ ਸਕੂਲ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸਮੌਕੇ ਐਚ.ਓ.ਡੀ. ਮਿਨਾਕਸ਼ੀ ਸਿੰਗਲਾ, ਕੋਆਡੀਨੇਟਰ ਕੁਮੁਦ ਗਰਗ, ਏ.ਸੀ.ਓ. ਰਾਜਦੀਪ ਕੌਰ, ਸੀ ਐਚ ਓ ਸਰਬਜੀਤ ਕੌਰ, ਸਿਹਤ ਵਰਕਰ ਇੰਦਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਅਧਿਆਪਕ ਰਮਨਦੀਪ ਕੌਰ, ਕਰਮਜੀਤ ਕੌਰ, ਸਰੋਜ ਬਾਲਾ, ਜਸਬੀਰ ਕੌਰ ਅਤੇ ਸਮੂਹ ਆਸ਼ਾ ਹਾਜਰ ਸਨ।