ਪਾਖੰਡੀ ਸਾਧਾਂ, ਯੋਗੀਆਂ, ਜੋਤਸ਼ੀਆਂ ਤੋਂ ਬਚਣ ਦੀ ਕੀਤੀ ਅਪੀਲ
ਸੰਗਰੂਰ 13 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਨੇ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਹੋਈ ਹੜ੍ਹਾਂ ਦੀ ਤਬਾਹੀ ਬਾਰੇ ਕਿਸੇ ਵੀ ਜੋਤਸ਼ੀ ਵੱਲੋਂ ਇਸ ਕੁਦਰਤੀ ਅਤੇ ਗ਼ੈਰ ਕੁਦਰਤੀ ਆਫ਼ਤ ਬਾਰੇ ਕਦੇ ਕੋਈ ਵੀ ਭਵਿਖਬਾਣੀ ਨਾ ਕਰਨ ਦਾ ਪਰਦਾਫਾਸ਼ ਕਰਦਿਆਂ ਲੋਕਾਂ ਨੂੰ ਇਨ੍ਹਾਂ ਢੋਂਗੀ ਬਾਬਿਆਂ, ਪ੍ਰਚਾਰਕਾਂ ਅਤੇ ਜੋਤਸ਼ੀਆਂ ਦੇ ਝਾਂਸਿਆਂ ਤੋਂ ਬਚਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮ ਵੇਦ, ਸੁਰਿੰਦਰ ਪਾਲ ਉਪਲੀ, ਗੁਰਦੀਪ ਸਿੰਘ ਲਹਿਰਾ, ਪ੍ਰਗਟ ਸਿੰਘ ਬਾਲੀਆਂ, ਸੀਤਾ ਰਾਮ ਬਾਲਦ ਕਲਾਂ ,ਲੈਕਚਰਾਰ ਕ੍ਰਿਸ਼ਨ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭੋਲੇ ਭਾਲੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਉੱਤੇ ਐਸ਼ੋ ਅਰਾਮ ਕਰਨ ਵਾਲੇ ਮੁਨਾਫ਼ਾਖੋਰ ਬਾਬੇ ਅਤੇ ਯੋਗੀ ਅੰਨੀ ਧਾਰਮਿਕ ਆਸਥਾ ਰਾਹੀਂ ਭੋਲੇ ਭਾਲੇ ਲੋਕਾਂ ਨੂੰ ਅਖੌਤੀ ਅਗਲੇ ਪਿਛਲੇ ਜਨਮ, ਸਵਰਗ ਨਰਕ ਅਤੇ ਕਰਾਮਾਤਾਂ ਦੇ ਝੂਠੇ ਸਬਜ਼ਬਾਗ ਵਿਖਾ ਕੇ ਉਨ੍ਹਾਂ ਤੋਂ ਕਰੋੜਾਂ ਰੁਪਏ ਦੀ ਕਮਾਈ ਕਰਦੇ ਆ ਰਹੇ ਹਨ ਪਰ ਉਨ੍ਹਾਂ ਨੇ ਪੰਜਾਬ,ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉਤਰਾਖੰਡ, ਹਰਿਆਣਾ ਸੂਬਿਆਂ ਦੇ ਇਲਾਕਿਆਂ ਵਿੱਚ ਮੌਜੂਦਾ ਹੜ੍ਹਾਂ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਨਾਲ ਬਰਬਾਦ ਹੋਏ ਲੱਖਾਂ ਆਮ ਲੋਕਾਂ ਅਤੇ ਖਾਸ ਕਰਕੇ ਆਪਣੇ ਹੀ ਪੈਰੋਕਾਰਾਂ ਦੀ ਕੋਈ ਵਿੱਤੀ ਮਦਦ ਜਾਂ ਆਪਣੇ ਸਾਧਨਾਂ ਰਾਹੀਂ ਮੌਕੇ ਤੇ ਸੇਵਾ ਕਰਨ ਤੋਂ ਬਿਲਕੁੱਲ ਟਾਲਾ ਵੱਟਿਆ ਹੈ ਜਦਕਿ ਤਰਕਸ਼ੀਲ ਸੁਸਾਇਟੀ ਪੰਜਾਬ ਆਪਣੇ ਤੌਰ ਤੇ ਵੱਖ ਵੱਖ ਜਿਲ੍ਹਿਆਂ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਗਾਤਾਰ ਯਤਨ ਕਰ ਰਹੀ ਹੈ।
ਤਰਕਸੀਲ ਆਗੂਆਂ ਸੁਖਦੇਵ ਸਿੰਘ ਕਿਸ਼ਨਗੜ੍ਹ, ਮਾਸਟਰ ਕਰਤਾਰ ਸਿੰਘ, ਗੁਰਜੰਟ ਸਿੰਘ, ਲੈਕਚਰਾਰ ਜਸਦੇਵ ਸਿੰਘ ਨੇ ਆਮ ਲੋਕਾਈ ਨੂੰ ਜ਼ਿੰਦਗੀ ਵਿੱਚ ਵਿਗਿਆਨਕ ਸੋਚ ਅਤੇ ਇਨਸਾਨੀਅਤ ਅਪਣਾਉਣ ਦਾ ਸੁਨੇਹਾ ਦਿੰਦਿਆਂ ਸੁਚੇਤ ਕੀਤਾ ਕਿ ਭਾਰਤ ਸਮੇਤ ਦੁਨੀਆਂ ਦੇ ਕਿਸੇ ਵੀ ਜੋਤਸ਼ੀ ਜਾਂ ਕਥਿਤ ਦੈਵੀ ਸ਼ਕਤੀ ਦੇ ਦਾਅਵੇਦਾਰ ਬਾਬੇ ਨੇ ਉੱਤਰੀ ਭਾਰਤ ਵਿੱਚ ਆਏ ਮੌਜੂਦਾ ਹੜ੍ਹਾਂ ਅਤੇ ਅਫ਼ਗ਼ਾਨਿਸਤਾਨ ਵਿੱਚ ਆਏ ਭੂਚਾਲ ਸਮੇਤ ਕਦੇ ਵੀ ਕਿਸੇ ਵੱਡੀ ਕੁਦਰਤੀ ਜਾਂ ਗੈਰ ਕੁਦਰਤੀ ਆਫ਼ਤ- ਘਟਨਾ ਵਾਪਰਨ ਦੀ ਅਗਾਂਊ ਭਵਿਖਬਾਣੀ ਨਹੀਂ ਕੀਤੀ ਜੋਕਿ ਜੋਤਿਸ਼ ਦੇ ਖੋਖਲੇਪਣ ਹੋਣ ਦਾ ਸਪੱਸ਼ਟ ਸਬੂਤ ਹੈ।
ਆਗੂਆਂ ਸਪੱਸ਼ਟ ਕੀਤਾ ਕਿ ਮੌਜੂਦਾ ਹੜ੍ਹਾਂ ਨਾਲ ਹੋਈ ਤਬਾਹੀ ਕੋਈ ਕੁਦਰਤੀ ਕਰੋਪੀ ਨਾ ਹੋ ਕੇ ਮੌਜੂਦਾ ਸਾਮਰਾਜ ਪੱਖੀ ਹਕੂਮਤਾਂ ਦੀਆਂ ਕੁਦਰਤੀ ਵਾਤਾਵਰਣ ਵਿਰੋਧੀ, ਕਾਰਪੋਰੇਟ ਪੱਖੀ ਅਤੇ ਲੋਕ ਉਜਾੜੂ ਨੀਤੀਆਂ ਦੇ ਇਲਾਵਾ ਹੜ੍ਹਾਂ ਦੀ ਅਗਾਂਊ ਰੋਕਥਾਮ ਵਿੱਚ ਵਿਖਾਈ ਘੋਰ ਲਾਪਰਵਾਹੀ ਦਾ ਨਤੀਜਾ ਹੈ ਜਿਸ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਪੀੜ੍ਹਤ ਪਰਿਵਾਰਾਂ ਨੂੰ ਤੁਰੰਤ ਮਨੁੱਖੀ ਮਦਦ ਅਤੇ ਯੋਗ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349