ਪਹਿਲਾ ਦੂਜਾ, ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਨਗਦ ਰਾਸ਼ੀ ਨਾਲ ਹੋਵੇਗਾ ਸਨਮਾਨ : ਸੇਖੋਂ
ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਸਕੂਲੀ ਬੱਚਿਆਂ ਦੇ ਕਰਵਾਏ ਗਏ ਲੇਖ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਦੌਰਾਨ ਫ਼ਰੀਦਕੋਟ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਹ ਮੁਕਾਬਲੇ ਬਾਬਾ ਫ਼ਰੀਦ ਜੀ ਦੇ ਜੀਵਨ, ਸਿਧਾਂਤਾਂ ਅਤੇ ਸ਼ਬਦਾਂ ‘ਤੇ ਅਧਾਰਿਤ ਸਨ, ਨਾਲ ਹੀ ਉਹਨਾਂ ਕਿਹਾ ਕਿ 16 ਸਤੰਬਰ ਨੂੰ ਭਾਸ਼ਣ ਮੁਕਾਬਲੇ ਅਤੇ 17 ਸਤੰਬਰ ਨੂੰ ਸ਼ਬਦ ਗਾਇਣ ਮੁਕਾਬਲੇ ਵੀ ਬਾਬਾ ਫਰੀਦ ਜੀ ਦੇ ਸਲੋਕਾਂ ‘ਤੇ ਅਧਾਰਿਤ ਹੀ ਹੋਣਗੇ। ਸਰਦਾਰ ਸੇਖੋਂ ਨੇ ਕਿਹਾ ਕਿ 15 ਸਤੰਬਰ ਦੇ ਲੇਖ ਅਤੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਵੀ ਵਿਦਿਆਰਥੀਆਂ ਨੇ ਆਪਣੀ ਸੂਖਮ ਦ੍ਰਿਸ਼ਟੀ ਅਤੇ ਉਚੇਰੀ ਸੂਝ-ਬੂਝ ਦਾ ਪ੍ਰਗਟਾਵਾ ਕਰਦਿਆਂ ਸਵਾਲਾਂ ਦੀ ਜਵਾਬ ਬਹੁਤ ਹੀ ਖੂਬਸੂਰਤੀ ਨਾਲ ਦਿੱਤਾ ਹੈ। ਇਨ੍ਹਾਂ ਸਾਰੇ ਮੁਕਾਬਲਿਆਂ ਦਾ ਨਤੀਜਾ ਮਿਤੀ 17 ਸਤੰਬਰ, ਦਿਨ ਸ਼ਨੀਵਾਰ ਨੂੰ ਐਲਾਨਿਆ ਜਾਵੇਗਾ ਅਤੇ 23 ਸਤੰਬਰ ਨੂੰ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਜਿਸ ਵਿੱਚ ਪਹਿਲਾ ਦਰਜਾ 10,000/-, ਦੂਜਾ ਦਰਜਾ 7000/- ਅਤੇ ਤੀਜਾ ਦਰਜਾ 5000/- ਦੀ ਨਗਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਾਰੇ ਵਿਦਿਆਰਥੀਆਂ ਨੂੰ 23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਆਏ ਹੋਏ ਸਮੂਹ ਵਿਦਿਆਰਥੀਆਂ, ਵਿੱਦਿਅਕ ਅਦਾਰਿਆਂ ਦੇ ਮੁਖੀਆਂ ਦਾ ਧੰਨਵਾਦ ਕਰਦਿਆਂ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਕਮੇਟੀ ਮੈਂਬਰਜ਼ ਚਰਨਜੀਤ ਸਿੰਘ ਸੇਖੋ, ਦੀਪਇੰਦਰ ਸਿੰਘ ਸੇਖੋ, ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਕੁਲਜੀਤ ਸਿੰਘ ਮੰਗੀਆਂ ਅਤੇ ਨਰਿੰਦਰ ਪਾਲ ਸਿੰਘ ਬਰਾੜ ਮੈਂਬਰਜ਼ ਵੀ ਸ਼ਾਮਿਲ ਸਨ।