ਗੋਬਿੰਦਗੜ੍ਹ 19 ਸਤੰਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਲੋਹਾ ਨਗਰੀ ਦੀ ਕਰੀਬ 6 ਦਹਾਕੇ ਪੁਰਾਣੀ ਸਾਹਿਤਕ ਸੰਸਥਾ ਪੰਜਾਬੀ ਲਿਖਾਰੀ ਸਭਾ, ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸ਼ਬਦ ‘ ਤਾਤੀ ਵਾਓ ਨਾ ਲਾਗਈ, ਪਾਰਬ੍ਰਹਮ ਸਰਣਾਈ ‘ ਨਾਲ ਹੋਈ। ਇਸ ਵਾਰ ਮੀਟਿੰਗ ਵਿਚ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋ ਅਤੇ ਊਰਦੂ ਦੇ ਸ਼ਾਇਰ ਸਰਦਾਰ ਪੰਛੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਸਰਕਤ ਕੀਤੀ। ਮੀਟਿੰਗ ਵਿਚ ਹਾਜ਼ਰੀਨ ਵੱਲੋਂ ਜ਼ੋਰਾਵਰ ਸਿੰਘ ਪੰਛੀ ਦੇ ਗੀਤ ‘ਉਹਦੇ ਦੀਦਾਰ ਨੂੰ ਜਾਣਾ ‘ ਦੂਸਰਾ ਮੀਤ ਪਾਣੀਪਤ ਦਾ ਗੀਤ ‘ਸੁਲੱਖਣੀ ਦੇ ਲਾਲ ਤੇਰੀ ਜੈ ਜੈਕਾਰ’ ਅਤੇ ਲਖਬੀਰ ਸਿੰਘ ਲੱਭਾ ਦਾ ਗੀਤ ‘ਫੁੱਲਾਂ ਭਰੀ ਕਿਆਰੀ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਉਪਰੰਤ ਹਾਲ ਹੀ ਵਿਚ ਆਏ ਭਿਆਨਕ ਹੜਾਂ ਕਾਰਨ ਕੀਮਤੀ ਜਾਨਾਂ ਗੁਆਉਣ ਵਾਲਿਆਂ ਲਈ ਅਫ਼ਸੋਸ ਪ੍ਰਗਟ ਕੀਤਾ ਗਿਆ।
ਮੀਟਿੰਗ ਦੌਰਾਨ ਰਚਨਾਵਾਂ ਦੇ ਦੌਰ ਵਿਚ ਅਮਰ ਸਿੰਘ ਸੈਂਪਲਾਂ ਨੇ ਕਹਾਣੀ ‘ਥਾਣੇਦਾਰੀ’ ਸੁਣਾਈ, ਬਘੇਲ ਸਿੰਘ ਚੰਦਨ ਨੇ ਗੀਤ’ ਛੱਡ ਬਦੀਆਂ ਤੂੰ’ ਸੁਣਾਇਆ ਅਤੇ ਹਰਸ਼ ਸ਼ਰਮਾ ਨੇ ਸ਼ਾਇਰੀ ਰੰਗ ਵਿਚ ਨਜਮ ਸੁਣਾਈ। ਗੁਰਪ੍ਰੀਤ ਸਿੰਘ ਜਮਾਲਪੁਰੀ ਨੇ ਗੀਤ ‘ਧੀ’ ਸੁਣਾਇਆ, ਲਖਬੀਰ ਸਿੰਘ ਲੱਭਾ ਨੇ ਗੀਤ ‘ਫੁੱਲਾਂ ਭਰੀ ਕਿਆਰੀ ‘ਸੁਣਾਇਆ, ਜ਼ੋਰਾਵਰ ਸਿੰਘ ਪੰਛੀ ਨੇ ਗਜ਼ਲ ‘ਲਹਿਰ ਡੋਬੇ ਚਨਾਬ ਦੀ’ ਸੁਣਾਈ, ਮੀਤ ਪਾਣੀਪਤ ਨੇ ਗੀਤ ‘ਖੁਸ਼ੀਆਂ’, ਮਿਹਰ ਸਿੰਘ ਗੁਰੂ ਨੇ ਗੀਤ ‘ਮੇਰੇ ਸ਼ੌਂਕ ਦਾ ਨਹੀਂ ਇਤਬਾਰ’ ਅਤੇ ਜਗਜੀਤ ਸਿੰਘ ਗੁਰਮ ਨੇ ਗੀਤ ‘ਅਜੇ ਮੈਂ ਗੀਤ ਲਿਖਣਾ ਹੈ, ਸਰੋਂ ਦੇ ਖਿੜਦੇ ਫੁੱਲਾਂ ਵਰਗਾ’ ਸੁਣਾਇਆ। ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਬਾਲ ਗੀਤ ‘ਅਧਿਆਪਕ ਸਾਡੇ ਬਹੁਤ ਪਿਆਰੇ ਨੇ’ ਸੁਣਾਇਆ, ਸ਼੍ਰੋਮਣੀ ਸਾਹਿਤਕਾਰ ਸਰਦਾਰ ਪੰਛੀ ਜੀ ਨੇ ਗਜ਼ਲ ‘ਬਾਗ ਮੇਂ ਆ ਰਹੀ ਹੈ, ਬੂਹੇ ਕਬਾਬ’ ਸੁਣਾਈ, ਵਿਦਵਾਨ ਲੇਖਕ ਲੋਕ ਨਾਥ ਸ਼ਰਮਾ ਨੇ ਲੇਖ ‘ਅਧਿਆਪਕ’ ਸੁਣਾਇਆ। ਸਭਾ ਦੇ ਕੋਆਰਡੀਨੇਟਰ ਸਨੇਹਇੰਦਰ ਸਿੰਘ ਮੀਲੂ ਫਰੌਰ ਨੇ ਲੇਖ ‘ਸਟੇਜ ਸੈਕਟਰੀ’ ਸੁਣਾਇਆ। ਇਸ ਮੌਕੇ ਪ੍ਰਸਿੱਧ ਚਿੱਤਰਕਾਰ ਹਰਪ੍ਰੀਤ ਸਿੰਘ ਨਾਜ ਨੇ ‘ਸ਼੍ਰੀ ਗੁਰੂ ਰਾਮਦਾਸ ਜੀ ਇਤਿਹਾਸ ਸਰੋਤ ਪੁਸਤਕ’ ਨੂੰ ਸਾਂਝਾ ਕੀਤਾ, ਹਰਬੰਸ ਸਿੰਘ ਰਾਏ ਨੇ ਗੀਤ ‘ਰੱਬ ਦੇ ਰੰਗ’ ਅਤੇ ਬਲਵੰਤ ਸਿੰਘ ਵਿਰਕ ਨੇ ਗੀਤ ‘ਮਨ ਲਾ ਕੇ ਕਰ ਲਓ ਪੜ੍ਹਾਈ ਬੱਚਿਓ’ ਸੁਣਾਇਆ। ਲੇਖਕ ਨੇਤਰ ਸਿੰਘ ਮੁੱਤੋਂ ਨੇ ਕਵਿਤਾ ‘ਮਾਂ’ ਸੁਣਾਈ ਅਤੇ ਵਿਸ਼ੇਸ਼ ਮਹਿਮਾਨ ਗੁਰਸੇਵਕ ਸਿੰਘ ਢਿੱਲੋ ਨੇ ਗੀਤ ‘ਤੇਰੇ ਨਾਲੋਂ ਤਿੱਖੀ ਕਲਮ ਦੀ ਧਾਰ’ ਸੁਣਾ ਕੇ ਵਾਹ-ਵਾਹ ਖੱਟੀ। ਉਪਰੰਤ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਗੀਤ ‘ਅਰਦਾਸ, ਰੱਬਾ ਰੱਬਾ ਸੁਣੀ ਅਰਦਾਸ’ ਸੁਣਾਇਆ। ਇਸ ਮੌਕੇ ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ਉੱਪਰ ਉਸਾਰੂ ਪੜਚੋਲ ਅਤੇ ਵਿਚਾਰ ਚਰਚਾ ਵਿਚ ਨਰਿੰਦਰ ਭਾਟੀਆ, ਪਰਮਜੀਤ ਸਿੰਘ ਧੀਮਾਨ ਅਤੇ ਤੇਜਪਾਲ ਸਿੰਘ ਮਰਜਾਰਾ ਨੇ ਹਿੱਸਾ ਲਿਆ।
ਮੀਟਿੰਗ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਅਤੇ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਸਾਂਝੇ ਰੂਪ ਵਿਚ ਚਲਾਈ ਅਤੇ ਫਿਰ ਮਿਲਣ ਦੇ ਵਾਅਦੇ ਨਾਲ ਸਭਾ ਦੇ ਪ੍ਰਧਾਨ ਵੱਲੋਂ ਮੀਟਿੰਗ ਦੀ ਸਮਾਪਤੀ ਕੀਤੀ ਗਈ।