ਕੋਟਕਪੂਰਾ, 22 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਸਿਵਲ ਸਰਜਨ ਫਰੀਦਕੋਟ ਦੇ ਦਫਤਰ ਵਿੱਚ ਬਤੌਰ ਮਲਟੀ ਪਰਪਜ ਹੈਲਥ ਵਰਕਰ (ਮੇਲ) ਵਜੋਂ ਕੰਮ ਕਰਦੇ ਜਸਮੇਲ ਸਿੰਘ ਦੀ ਬਿਨਾਂ ਕਿਸੇ ਪੜਤਾਲ ਕਰਵਾਏ ਪ੍ਰਬੰਧਕੀ ਅਧਾਰ ’ਤੇ ਬਦਲੀ ਸਬ ਸੈਂਟਰ ਲੰਡੇ ਪੀ.ਐਚ.ਸੀ. ਡਰੋਲੀ ਭਾਈ ਜ਼ਿਲ੍ਹਾ ਮੋਗਾ ਵਿਖੇ ਕਰਨ ਦੀ ਵੱਖ-ਵੱਖ ਜਥੇਬੰਦੀਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22ਬੀ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਅਤੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ, ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ ਤੇ ਅਸ਼ੋਕ ਕੌਸ਼ਲ, ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਸਿਹਤ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਸਮੇਲ ਸਿੰਘ ਦੀ ਬਿਨਾਂ ਕਿਸੇ ਪੜਤਾਲ ਅਤੇ ਦੋਸ਼ ਸਾਬਿਤ ਹੋਣ ਦੇ ਕੀਤੀ ਗਈ ਨਜ਼ਾਇਜ਼ ਬਦਲੀ ਦੇ ਹੁਕਮ ਤੁਰਤ ਰੱਦ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਦਿੱਤਾ ਗਿਆ ਤਾਂ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਸੰਘਰਸ਼ ਸ਼ੁਰੂ ਤੇ ਮਜ਼ਬੂਰ ਹੋਣਗੀਆਂ।