ਸਮਾਜਸੇਵੀ ਪ੍ਰਿਤਪਾਲ ਸਿੰਘ ਹੰਸਪਾਲ ਅਤੇ ਸ਼ੂਟਰ ਸਿਫ਼ਤ ਕੌਰ ਸਮਰਾ ਦਾ ਯਾਦਗਾਰੀ ਐਵਾਰਡਾਂ ਨਾਲ ਸਨਮਾਨਿਤ : ਸਿਮਰਜੀਤ ਸਿੰਘ ਸੇਖੋਂ
ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਨੂੰ ਸਮਰਪਿਤ 56ਵੇਂ ਆਗਮਨ-ਪੁਰਬ 2025 ਮੌਕੇ ਟਿੱਲਾ ਬਾਬਾ ਫਰੀਦ ਜੀ ਵਿਖੇ ਆਰੰਭ ਹੋਏ ਆਖੰਡ ਪਾਠ ਦੇ ਭੋਗ ਪਾਏ ਗਏ। ਜਿਸ ਮੌਕੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਅਤੇ ਸਮੂਹ ਕਮੇਟੀ ਮੈਂਬਰ ਸ. ਚਰਨਜੀਤ ਸਿੰਘ ਸੇਖੋਂ, ਸ. ਦੀਪਇੰਦਰ ਸਿੰਘ ਸੇਖੋਂ, ਸ. ਗੁਰਜਾਪ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਸ. ਕੁਲਜੀਤ ਸਿੰਘ ਮੰਗੀਆਂ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਜੀ ਅਤੇ ਹੋਰ ਕਈ ਮਹਾਨ ਸਖਸ਼ੀਅਤਾਂ ਨਤਮਸਤਕ ਹੋਈਆ ਤੇ ਅੱਜ ਆਖੰਡ ਪਾਠ ਦੇ ਭੋਗ ਤੋਂ ਬਾਅਦ ਪੰਜਵੇਂ ਅਤੇ ਆਖ਼ਰੀ ਦਿਨ ਵਿਸ਼ਾਲ ਨਗਰ-ਕੀਰਤਨ ਸਜਾਏ ਗਏ। ਇਹ ਵਿਸ਼ਾਲ ਨਗਰ-ਕੀਰਤਨ ਟਿੱਲਾ ਬਾਬਾ ਫਰੀਦ ਤੋਂ ਆਰੰਭ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਏ। ਗੁ. ਗੋਦੜੀ ਸਾਹਿਬ ਦੇ ਦੀਵਾਨ ਹਾਲ ਵਿੱਚ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਅਤੇ ਸਮੂਹ ਮੈਂਬਰ ਸਾਹਿਬਨਾਂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਐਵਾਰਡ ਜਿਸ ਵਿੱਚ ਸਿਰੋਪਾਉ, ਦੁਸ਼ਾਲਾ, ਸਾਈਟੈਸ਼ਨ ਅਤੇ 2 ਲੱਖ ਦੀ ਨਕਦ ਰਾਸ਼ੀ ਸ਼ਾਮਿਲ ਹੈ, ਨਾਲ ਸ. ਪ੍ਰਿਤਪਾਲ ਸਿੰਘ ਹੰਸਪਾਲ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਹੜ੍ਹਾਂ ਦੀ ਕੁਦਰਤੀ ਮਾਰ ਦੌਰਾਨ ਆਪਣਾ ਰੇਲ ਕੋਚ ਫੈਕਟਰੀ ਦਾ ਕਾਰੋਬਾਰ ਦਾਅ ‘ਤੇ ਲਾ ਦਿੱਤਾ ਤੇ ਇਨਸਾਨੀਅਤ ਦੀ ਸੇਵਾ ਨੂੰ ਮੁੱਖ ਰੱਖਦਿਆਂ ਪੀੜਤ ਲੋਕਾਂ ਦੀ ਮੱਦਦ ਲਈ ਆਪਣੀ ਪੂੰਜੀ ਵਿਚੋਂ 100 ਦੇ ਕਰੀਬ ਕਿਸ਼ਤੀਆਂ ਬਣਾ ਕੇ ਬਹੁਤ ਵੱਡਾ ਕਾਰਜ ਕੀਤਾ। ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ ਜਿਸ ਵਿੱਚ ਸਿਰੋਪਾਉ, ਦੁਸਾਲਾ, ਸਾਈਟੈਸ਼ਨ ਅਤੇ 1 ਲੱਖ ਦੀ ਨਕਦ ਰਾਸ਼ੀ ਸ਼ਾਮਿਲ ਹੈ, ਨਾਲ ਬੀਬਾ ਸਿਫ਼ਤ ਕੌਰ ਸਮਰਾ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਨਿਸ਼ਾਨੇਬਾਜੀ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ, ਜਿੰਨ੍ਹਾਂ ਵਿੱਚ ਪੈਰਿਸ ਉਲੰਪਿਕ ਗੇਮਜ ਵਿੱਚ ਭਾਰਤ ਦੀ ਨੁਮਾਇੰਦਗੀ, ਆਈ.ਐੱਸ.ਐੱਸ.ਐੱਫ ਵਰਲਡ ਕੱਪ ਵਿੱਚ 3 ਗੋਲਡ, 2 ਸਿਲਵਰ ਅਤੇ 3 ਬ੍ਰੋਨਜ ਮੈਡਲ, ਏਸ਼ੀਅਨ ਰੀਮਜ਼ ਵਿੱਚ ਗੋਲਡ ਅਤੇ ਸਿਲਵਰ ਮੈਡਲ, ਉਲੰਪਿਕ ਕੋਟਾ, ਵਰਲਡ ਰਿਕਾਰਡ ਸਮੇਤ 15 ਤੋਂ ਵੱਧ ਮੈਡਲ ਸ਼ਾਮਿਲ ਹਨ ਤੇ ਹਾਲ ਹੀ ਵਿੱਚ ਹੋਈ ਏਸ਼ੀਅਨ ਚੈਮਪੀਅਨਸ਼ਿਪ ਕਜਾਕਿਸਤਾਨ ਵਿੱਚ 2 ਗੋਲਡ ਮੈਡਲ ਜਿੱਤ ਕੇ, ਵਿਅਕਤੀਗਤ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਹਨ ਅਤੇ ਵਰਲਡ ਹੈਕਿਗ ਵਿੱਚ ਦੂਸਰੇ ਸਥਾਨ ‘ਤੇ ਹੋਣ ਦਾ ਮਾਣ ਹਾਸਲ ਹੋਇਆ। ਉਸ ਤੋਂ ਬਾਅਦ ਵਿੱਦਿਅਕ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ 10000, 7000, 5000 ਅਤੇ 2100 ਦੀ ਨਗਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਪੂਨਮਦੀਪ ਕੌਰ ਆਈ. ਏ. ਐੱਸ. ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ। ਸ੍ਰੀ ਵਰੁਣ ਕੁਮਾਰ (ਐੱਸ ਡੀ ਐੱਮ), ਸ੍ਰੀ ਸੂਰਜ ਕੁਮਾਰ (ਐਸ ਡੀ ਐੱਮ), ਸ. ਮਨਵਿੰਦਰਬਿਰ ਸਿੰਘ (ਐਸ ਪੀ ਐੱਚ). ਸ ਅਸ਼ੀਸ਼ਪ੍ਰੀਤ ਸਿੰਘ, ਸ. ਬਲਕਾਰ ਸਿੰਘ ਬਰਾੜ, ਸ. ਸਿਮਰਨਜੀਤ ਸਿੰਘ ਤੂਰ, ਖਵਾਜਾ ਸਲੀਮ ਰਸ਼ੀਦ ਫਰੀਦੀ ਸਾਬਰੀ ਅਤੇ ਸਾਹਿਬਜ਼ਾਦਾ ਸਈਅਦ ਵਾਰਿਸ ਹੁਸੈਨ ਚਿਸਤੀ ਮੰਨੀ ਗੱਦੀਨਸ਼ੀਨ ਖਾਦਿਮ ਖਵਾਜਾ ਸਾਹਿਬ ਦਰਗਾਹ ਸ਼ਰੀਫ ਅਜਮੇਰ ਜੀ ਨੂੰ ਵਿਸ਼ੇਸ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਲੱਖਾਂ ਦੀ ਗਿਣਤੀ ਵਿੱਚ ਬਾਬਾ ਫਰੀਦ ਜੀ ਦੇ ਨਾਮਲੇਵਾ ਸ਼ਰਧਾਲੂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਹੁੰਚੇ ਇਸ ਆਗਮਨ-ਪੁਰਬ ਨੂੰ ਸਫਲ ਬਣਾਉਣ ਲਈ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਕ ਸੰਸਥਾਵਾਂ ਤੋਂ ਇਲਾਵਾ ਬਾਬਾ ਫਰੀਦ ਪਬਲਿਕ ਸਕੂਲ ਅਤੇ ਬਾਬਾ ਫ਼ਰੀਦ ਲਾਅ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਮਹੱਤਵਪੂਰਨ ਸੇਵਾਵਾਂ ਨਿਭਾਈਆਂ। ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਨ ਸ. ਸਿਮਰਜੀਤ ਸਿੰਘ ਸੇਖੋਂ ਨੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜ-ਰੋਜਾ ਆਗਮਨ ਪੁਰਬ ਦੇ ਸਮੂਹ ਸਮਾਗਮ ਸਫਲਤਾਪੂਰਵਕ ਅਤੇ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਏ ਹਨ। ਬਾਬਾ ਫਰੀਦ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇਹ ਸਮਾਗਮ ਯਾਦਗਾਰੀ ਅਤੇ ਬੇਮਿਸਾਲ ਹੋ ਨਿੱਬੜੇ ਹਨ। ਉਹਨਾਂ ਨੇ ਸਮੂਹ ਮੈਂਬਰ ਸਾਹਿਬਾਨਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ।