ਫਰੀਦਕੋਟ 24 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: ਫਰੀਦਕੋਟ ਦੇ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਰਣਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਕਿਲ੍ਹਾ ਪਾਰਕ ਕੋਟਕਪੂਰਾ ਵਿਖੇ ਹੋਈ ਜਿਸ ਵਿੱਚ ਹੜ ਪੀੜਤਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਹੜਾਂ ਕਾਰਨ ਸਾਡੇ ਤੋਂ ਵਿਛੜੇ ਪਰਿਵਾਰਿਕ ਮੈਂਬਰਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਵਿਛੜੇ ਜੀਆਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰਾਂ ਨੂੰ ਤੰਦਰੁਸਤੀ ਦੀ ਦਾਤ ਅਤੇ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਮੀਤ ਪ੍ਰਧਾਨ ਡਾਕਟਰ ਰੂਪ ਸਿੰਘ ਔਲਖ ਨੇ ਕਿਹਾ ਕਿ ਸਾਡੇ ਸਤਿਕਾਰਯੋਗ ਮੈਂਬਰ ਧੰਨਵਾਦ ਦੇ ਪਾਤਰ ਹਨ ਜਿਨਾਂ ਨੇ ਸਾਡੇ ਅੱਧੇ ਬੋਲ ਤੇ ਹੜ ਪੀੜਤਾਂ ਲਈ ਖੁੱਲ੍ਹ ਕੇ ਸਹਾਇਤਾ ਫੰਡ ਭੇਜਿਆ ਹੈ।ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ।ਜਿਲ੍ਹਾ ਪ੍ਰੈਸ ਸਕੱਤਰ ਡਾਕਟਰ ਕਰਮ ਸਿੰਘ ਢਿਲਵਾਂ ਨੇ ਸਟੇਟ ਮੀਟਿੰਗ ਦੀ ਜਾਣਕਾਰੀ ਦਿੱਤੀ ਅਤੇ ਹੋਣ ਵਾਲੇ ਇਜਲਾਸ ਬਾਰੇ ਚਾਨਣਾ ਪਾਇਆ।ਜਿਲਾ ਖਜ਼ਾਨਚੀ ਡਾਕਟਰ ਜਗਸੀਰ ਸਿੰਘ ਸਮਾਲਸਰ ਨੇ ਇਕੱਤਰ ਹੋਏ ਸਹਾਇਤਾ ਫੰਡ ਬਾਰੇ ਦੱਸਿਆ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾ ਫਰੀਦਕੋਟ ਨੂੰ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ ਚੈੱਕ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਸਰਪ੍ਰਸਤ ਵੈਦ ਬਗੀਚਾ ਸਿੰਘ ਨੇ ਬੋਲਦਿਆਂ ਪੰਜਾਬ ਬਾਰੇ ਪਿੱਛੇ ਤੋਂ ਹੁੰਦੇ ਹਮਲਿਆਂ ਅਤੇ ਕੁਦਰਤੀ ਕਰੋਪੀਆਂ ਬਾਰੇ ਚਾਨਣਾ ਪਾਇਆ ਅਤੇ ਇਕੱਤਰ ਹੋਏ ਫੰਡ ਬਾਰੇ ਬੋਲਦਿਆਂ ਕਿਹਾ ਕਿ ਪਰਮਾਤਮਾ ਨੇ ਸਾਨੂੰ ਇਸ ਲਈ ਸੁਰੱਖਿਤ ਰੱਖਿਆ ਹੈ ਕਿ ਸਾਡੀ ਪਰਖ ਹੋ ਸਕੇ ਕਿ ਸਾਡੇ ਵਿੱਚ ਕਿੰਨੀ ਕੁ ਇਨਸਾਨੀਅਤ ਬਾਕੀ ਹੈ?ਪਰ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾ ਨੇ ਆਪਣਾ ਨਫ਼ਾ ਨੁਕਸਾਨ ਨਾ ਦੇਖਦੇ ਹੋਏ ਲੋੜਵੰਦਾਂ ਦੀ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਸਾਡੀ ਜਥੇਬੰਦੀ ਵੀ ਹੜ ਪੀੜਤ ਇਲਾਕਿਆਂ ਵਿੱਚ ਜਾ ਕੇ ਹਰ ਲੋੜਵੰਦ ਤੱਕ ਡਾਕਟਰੀ ਸਹਾਇਤਾ ਪਹੁੰਚਾ ਰਹੀ ਹੈ ਅਤੇ ਜਦੋਂ ਤੱਕ ਉਹ ਪਰਿਵਾਰ ਪੂਰੀ ਤਰ੍ਹਾਂ ਪੈਰਾਂ ਸਿਰ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਆਪਣੀਆਂ ਸੇਵਾਵਾਂ ਜਾਰੀ ਰੱਖਾਂਗੇ।
ਬਲਾਕ ਪ੍ਰਧਾਨ ਡਾਕਟਰ ਰਣਜੀਤ ਸਿੰਘ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੇ ਕੈਲੰਡਰ ਬਾਰੇ ਵੀ ਜਾਣਕਾਰੀ ਦਿੱਤੀ।
ਇਹਨਾਂ ਤੋਂ ਇਲਾਵਾ ਡਾਕਟਰ ਜਗਜੀਤ ਸਿੰਘ ਅਰੋੜਾ ਅਤੇ ਡਾਕਟਰ ਵਿਕਰਮ ਸਿੰਘ ਚੌਹਾਨ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਵਿੱਚ ਡਾਕਟਰ ਲਵ ਕੁਸ਼, ਡਾਕਟਰ ਰਮੇਸ਼ ਸ਼ਰਮਾ,ਡਾਕਟਰ ਰਕੇਸ਼ ਕੁਮਾਰ,ਡਾਕਟਰ ਸੰਤੋਸ਼ ਕੁਮਾਰ,ਡਾਕਟਰ ਗੋਪਾਲ ਕਟਾਰੀਆ,ਡਾਕਟਰ ਸੁਖਮੰਦਰ ਸਿੰਘ,ਡਾਕਟਰ ਸੁਖਵਿੰਦਰ ਸਿੰਘ,ਡਾਕਟਰ ਬਲਵੰਤ ਰਾਏ,ਡਾਕਟਰ ਮਨੋਜ ਗੁੱਜ਼ਰ ਆਦਿ ਨੇ ਭਾਗ ਲਿਆ ਮੀਟਿੰਗ ਦੀ ਕਾਰਵਾਈ ਬਲਾਕ ਜਨਰਲ ਸਕੱਤਰ ਡਾਕਟਰ ਬਲਵਿੰਦਰ ਸਿੰਘ ਕਟਾਰੀਆਂ ਨੇ ਬਾਖੂਬੀ ਨਿਭਾਈ।