ਗੁਰਪ੍ਰੀਤ ਸਿੰਘ ਸਿੱਧੂ ਨੇ ਲੱਦਾਖ ਦੀਆਂ 6000 ਮੀਟਰ ਦੀਆਂ 4 ਚੋਟੀਆਂ ਫਤਿਹ ਕੀਤੀਆਂ
ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਦੇ ਵਸਨੀਕ ਨੌਜਵਾਨ ਪਰਬਤਾਰੋਹੀ ਗੁਰਪ੍ਰੀਤ ਸਿੰਘ ਸਿੱਧੂ ਨੇ ਲੱਦਾਖ ਖੇਤਰ ਵਿੱਚ ਇਕ ਨਵਾਂ ਇਤਿਹਾਸ ਰਚਿਆ ਹੈ। ਲੱਦਾਖ ਦੀਆਂ 6000 ਮੀਟਰ ਦੀਆਂ 4 ਚੋਟੀਆਂ ਫਤਿਹ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਉਪਲਬਧੀ ਦੇਸ਼ ਭਰ ਦੀ ਸਭ ਤੋਂ ਉੱਚੀ ਅਰਥਾਤ 5650 ਮੀਟਰ ਝੀਲ (ਪੋਲੋਗੋਨੋਕਾ ਲਾ ਪਾਸ ਨੇੜੇ ਸਥਿੱਤ ਚੋਮੋ ਚੌਂਕਰ ਲੇਕ) ਰਾਹੀਂ ਪ੍ਰਾਪਤ ਹੋਈ। ਰੋਜਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਉਹ 6015 ਮੀਟਰ ਉਚਾਈ ਵਾਲੀਆਂ ਚੋਮੋ ਚੌਂਕਰ ਦੋ ਚੋਟੀਆਂ, 6050 ਮੀਟਰ ਚੋਮੋ ਚੌਂਕਰ ਇਕ ਚੋਟੀ ਅਤੇ 6 ਹਜਾਰ ਮੀਟਰ ਵਾਲੀਆਂ ਦੋ ਹੋਰ ਚੋਟੀਆਂ ਸਰ ਕੀਤੀਆਂ ਹਨ। ਇਲਾਕੇ ਦੇ ਮਾਣ ਵਜੋਂ ਜਾਣੇ ਜਾਂਦੇ ਉਤਸ਼ਾਹੀ ਨੌਜਵਾਨ ਗੁਰਪ੍ਰੀਤ ਸਿੰਘ ਸਿੱਧੂ ਨੇ ਪਹਿਲਾਂ ਐਵਰੈਸਟ ਬੇਸ ਕੈਂਪ ਚਾਰ ਵਾਰ ਫਤਿਹ ਕੀਤਾ, ਇਸ ਦੇ ਨਾਲ ਨਾਲ ਉਸ ਨੇ ਅਫਰੀਕਾ ਅਤੇ ਯੂਰਪ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵੀ ਸਫਲਤਾਪੂਰਵਕ ਫਤਿਹ ਕੀਤੀਆਂ। ਗੁਰਪ੍ਰੀਤ ਸਿੰਘ ਸਿੱਧੂ ਮੁਤਾਬਿਕ ਪਹਾੜੀਆਂ ਚੋਟੀਆਂ ਚੜਨਾ ਸਿਰਫ ਦਿਲ ਦਾ ਹੌਂਸਲਾ ਨਹੀਂ, ਸਗੋਂ ਸਬਰ-ਅਨੁਸ਼ਾਸ਼ਨ ਅਤੇ ਤਿਆਰੀ ਦੀ ਵੀ ਅਜਮਾਇਸ਼ ਹੈ। ਇਹ ਮੇਰੇ ਲਈ ਇਕ ਨਵੀਂ ਪੇ੍ਰਰਨਾ ਹੈ, ਕਿਉਂਕਿ ਉਸਨੂੰ ਭਰੋਸਾ ਹੈ ਕਿ ਦੇਸ਼ ਭਰ ਸਮੇਤ ਖਾਸ ਕਰਕੇ ਪੰਜਾਬ ਦੇ ਨੌਜਵਾਨਾ ਲਈ ਇਹ ਪ੍ਰਾਪਤੀਆਂ ਨਵੀਂ ਮਿਸਾਲ ਬਣਨਗੀਆਂ। ਗੁਰਪ੍ਰੀਤ ਨੇ ਦਾਅਵਾ ਕੀਤਾ ਕਿ ਉਹ ਅੱਗੇ ਭਾਰਤ ਅਤੇ ਵਿਦੇਸ਼ ਦੀਆਂ ਟੈਕਨੀਕਲ ਅਤੇ ਚੁਣੌਤੀਪੂਰਵਕ ਚੋਟੀਆਂ ਨੂੰ ਫਤਿਹ ਕਰਨ ਦੇ ਟੀਚੇ ਨਾਲ ਸਫਰ ਜਾਰੀ ਰੱਖੇਗਾ।