ਰਜਿੰਦਰ ਸਿੰਘ ਰਾਜਨ ਦਾ ਬਾਲ ਕਹਾਣੀ-ਸੰਗ੍ਰਹਿ ‘ਏਕਮ’ ਹੋਵੇਗਾ ਲੋਕ ਅਰਪਣ
ਸੰਗਰੂਰ, 25 ਸਤੰਬਰ (ਵਰਲਡ ਪੰਜਾਬੀ ਟਾਈਮਜ਼ )
ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 28 ਸਤੰਬਰ ਦਿਨ ਐਤਵਾਰ ਨੂੰ ਸਵੇਰੇ ਸਹੀ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਉਰਦੂ ਦੇ ਨਾਮਵਰ ਗ਼ਜ਼ਲਕਾਰ ਮੁਹੰਮਦ ਅਸ਼ਰਫ਼ ਨਾਲ ਸਾਹਿਤਕ ਮਿਲਣੀ ਰੱਖੀ ਗਈ ਹੈ। ਉਹ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਉਰਦੂ ਵਿਭਾਗ ਦੇ ਮੁਖੀ ਹਨ ਅਤੇ ਉਨ੍ਹਾਂ ਦੀ ਕਲਮ ਤੋਂ ਤਿੰਨ ਮੌਲਿਕ, ਨੌਂ ਅਨੁਵਾਦਿਤ ਤੇ ਸੰਪਾਦਿਤ, ਪੰਜ ਲਿੱਪੀਅੰਤਰ ਤੇ ਸੰਪਾਦਿਤ ਅਤੇ ਤਿੰਨ ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿੱਚ ਜੁਝਾਰੂ ਲੇਖਕ ਰਜਿੰਦਰ ਸਿੰਘ ਰਾਜਨ ਦਾ ਬਾਲ ਕਹਾਣੀ-ਸੰਗ੍ਰਹਿ ‘ਏਕਮ’ ਲੋਕ ਅਰਪਣ ਕੀਤਾ ਜਾਵੇਗਾ, ਜਿਨ੍ਹਾਂ ਦੇ ਹੁਣ ਤੱਕ ਤਿੰਨ ਕਾਵਿ-ਸੰਗ੍ਰਹਿ, ਤਿੰਨ ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਦੋ ਸੰਪਾਦਿਤ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਸਮਾਗਮ ਦੀ ਪ੍ਰਧਾਨਗੀ ਡਾ. ਮੀਤ ਖਟੜਾ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਨਾਵਲਕਾਰ ਸੁਖਵਿੰਦਰ ਸਿੰਘ ਬਾਲੀਆਂ ਸ਼ਾਮਲ ਹੋਣਗੇ। ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ।