ਕੋਟਕਪੂਰਾ, 26 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਕੋਟਕਪੂਰਾ ਸ਼ਹਿਰ ਦੇ ਵਾਰਡ ਨੰਬਰ 5, 7 ਅਤੇ 8 ਇਲਾਵਾ ਹੋਰ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਲੋਕ-ਮਿਲਣੀ ਤਹਿਤ ਵਾਰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਦੇ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਲੋਕਾਂ ਨੇ ਆਉਂਦੀਆਂ ਮੁਸ਼ਕਿਲ ਜਿਵੇਂ ਕਿ ਸੀਵਰੇਜ ਪ੍ਰਬੰਧ, ਬਿਜਲੀ ਦੀਆਂ ਵਾਰ-ਵਾਰ ਆਉਣ ਵਾਲੀਆਂ ਦਿੱਕਤਾਂ ਅਤੇ ਗਲੀਆਂ ਦੀ ਖ਼ਰਾਬ ਹਾਲਤ ਸਬੰਧੀ ਮੁੱਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਸਾਹਮਣੇ ਰੱਖੇ। ਸਪੀਕਰ ਸ. ਸੰਧਵਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਸਰਕਾਰੀ ਵਿਭਾਗਾਂ ਨਾਲ ਮਿਲ ਕੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਸੰਬੰਧੀ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਮੌਕੇ ਤੇ ਹਾਜ਼ਰ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਇਲਾਕੇ ਵਿੱਚ ਚਲ ਰਹੇ ਵਿਕਾਸ ਕੰਮਾਂ ਨੂੰ ਜਲਦ ਪੂਰਾ ਕਰਵਾਇਆ ਜਾਵੇ। ਇਸ ਮੌਕੇ ਸ. ਸੰਧਵਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਕੇ ਜਿਲ੍ਹੇ ਨੂੰ ਸਾਫ ਸੁਥਰਾ ਬਣਾਉਣ ਲਈ ਲੋਕਾਂ ਨੂੰ ਸਵੱਛਤਾ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਆਪਣੇ ਆਸ ਪਾਸ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਗਿੱਲਾ ਅਤੇ ਸੁੱਕਾ ਵੇਸਟ ਨਗਰ ਕੌਂਸਲ ਦੀਆਂ ਗੱਡੀਆਂ ਵਿੱਚ ਕੂੜਾ ਪਾਉਣ ਲਈ ਕਿਹਾ ਗਿਆ। ਸ. ਸੰਧਵਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਿਖਿਆ ਕ੍ਰਾਂਤੀ ਦੀ ਲਹਿਰ ਤਹਿਤ ਪੰਜਾਬ ਦੇ ਹਰੇਕ ਸਕੂਲਾਂ ਦੀ ਦਸ਼ਾ ਵਿੱਚ ਕਾਫੀ ਸੁਧਾਰ ਆਇਆ ਹੈ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਿੱਖਣ ਦਾ ਬਿਹਤਰ ਮਾਹੌਲ ਪ੍ਰਦਾਨ ਕੀਤਾ ਹੈ ਜੋ ਕਿ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਸਮਰੱਥ ਬਣਾਏਗਾ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਤੋਂ ਇਲਾਵਾ ਮੇਹਰ ਸਿੰਘ ਚੰਨੀ, ਰਾਹੁਲ ਸ਼ਰਮਾ, ਦੀਪਕ ਖੰਨਾ, ਨਰੇਸ਼ ਸਿੰਗਲਾ, ਪਰਮਜੀਤ ਸਿੰਘ ਪੰਮਾ, ਸਿਮਰਨਜੀਤ ਸਿੰਘ ਐਮ.ਸੀ. ਵੀ ਹਾਜ਼ਰ ਸਨ।