“ ਸਿਰਜਨਾ ਦੇ ਆਰ ਪਾਰ “ ਪ੍ਰੋਗਰਾਮ ਵਿੱਚ ਸੰਵੇਦਨਸ਼ੀਲ ਕਵਿਤਰੀ ਤੇ ਅਨੁਵਾਦਕਾ ਅਮੀਆ ਕੁੰਵਰ ਨਾਲ ਪ੍ਰੇਰਨਾਦਾਇਕ ਗੱਲਬਾਤ “
ਬਰੈਂਪਟਨ 26 ਸਤੰਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ )
ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ ਫ਼ਾਊਂਡਰ ਰਮਿੰਦਰ ਰੰਮੀ ਦੀ ਅਗਵਾਈ ਵਿੱਚ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ 22 ਸਤੰਬਰ ਸੋਮਵਾਰ ਨੂੰ ਕਰਵਾਇਆ ਗਿਆ ।ਜਿਸ ਵਿੱਚ ਪ੍ਰਸਿੱਧ ਲੇਖਿਕਾ , ਸ਼ਾਇਰਾ ਅਤੇ ਅਨਵਾਦਕਾ ਅਮੀਆ ਕੁੰਵਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਪ੍ਰੋਗਰਾਮ ਦੇ ਆਰੰਭ ਵਿੱਚ ਸੁਰਜੀਤ ਟਰਾਂਟੋ ਨੇ ਅਮੀਆ ਕੁੰਵਰ ਨੂੰ ਜੀ ਆਇਆ ਕਰਦੇ ਹੋਇਆਂ ਉਹਨਾਂ ਦੀ ਸ਼ਖਸੀਅਤ ਤੋਂ ਜਾਣੂ ਕਰਵਾਇਆ ਤੇ ਉਹਨਾਂ ਦੀਆਂ ਕਾਵਿ ਰਚਨਾਵਾਂ, ਅਨੁਵਾਦ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ।ਅਮੀਆ ਕੁੰਵਰ ਨੂੰ ਇਕ ਵਿਦਵਾਨ ਅਧਿਆਪਕਾ ਅਤੇ ਸੰਵੇਦਨਸ਼ੀਲ ਕਵਿਤਰੀ ਵਜੋਂ ਜਾਣੂ ਕਰਵਾਇਆ। ਉਪਰੰਤ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਸੀਨੀ. ਮੀਤ ਪ੍ਰਧਾਨ ਪ੍ਰੋ. ਕੁਲਜੀਤ ਕੌਰ ਨੇ ਅਮੀਆ ਕੁੰਵਰ ਨਾਲ ਉਹਨਾਂ ਦੇ ਸਾਹਿਤਿਕ ਸਫਰ ਬਾਰੇ ਅਤੇ ਜੀਵਨ ਸਫਰ ਬਾਰੇ ਭਰਪੂਰ ਵਿਚਾਰ ਚਰਚਾ ਅਤੇ ਸੰਵਾਦ ਕੀਤਾ ।ਅਮੀਆ ਕੁੰਵਰ ਦੀ ਸ਼ਖਸੀਅਤ ਦੇ ਵੱਖ ਵੱਖ ਪਹਿਲੂਆਂ ਤੇ ਜਾਣੂ ਕਰਾਉਂਦੇ ਹੋਏ ਉਹਨਾਂ ਦੇ ਬਚਪਨ , ਮੁਢਲੀ ਵਿਦਿਆ ,ਉੱਚ ਵਿੱਦਿਆ ਤੇ ਅਧਿਆਪਨ ਦੇ ਖੇਤਰ ਤੱਕ ਪਹੁੰਚਣ ਦੇ ਬਾਰੇ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਅਮੀਆ ਕੁੰਵਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹਨਾਂ ਦੇ ਘਰ ਦਾ ਮਾਹੌਲ ਉਹਨਾਂ ਦੇ ਸਿੱਖਿਆ ਅਤੇ ਵਿਕਾਸ ਲਈ ਬਹੁਤ ਸੁਖਾਵਾਂ ਸੀਂ। ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਆਪਣੇ ਮਾਪਿਆਂ ਤੇ ਪਰਿਵਾਰ ਤੋਂ ਮਿਲਿਆ। ਇਹ ਵਰਨਣ ਯੋਗ ਹੈ ਕਿ ਅਮੀਆ ਕੁੰਵਰ ਨੇ ਚਾਰ ਕਾਵਿ ਸੰਗ੍ਰਹਿ ਧੱਮੀ ਵੇਲਾ, ਕਵਿਓ ਵਾਚ, ਛਿਣਾਂ ਦੀ ਗਾਥਾ ਤੇ ਢਾਈ ਅੱਖਰ ਕਾਵਿ ਸੰਗ੍ਰਹਿ ਲਿਖੇ। 80 ਦੇ ਕਰੀਬ ਪੁਸਤਕਾਂ ਅਨੁਵਾਦ ਕੀਤੀਆਂ ਜਿਨਾਂ ਵਿੱਚ ਵੱਡੀ ਗਿਣਤੀ ਅੰਮ੍ਰਿਤਾ ਪ੍ਰੀਤਮ ਦੀਆਂ ਪੁਸਤਕਾਂ ਦੀ ਹੈ ।ਜਿਨਾਂ ਨੂੰ ਪੰਜਾਬੀ ਤੋਂ ਹਿੰਦੀ ਜਾਂ ਫਿਰ ਹਿੰਦੀ ਤੋਂ ਪੰਜਾਬੀ ਵਿੱਚ ਅਮੀਆਂ ਕੁੰਵਰ ਨੇ ਅਨੁਵਾਦ ਕੀਤਾ ਹੈ ।ਹਿੰਦੀ ਵਿੱਚ ਉਹਨਾਂ ਦੀਆਂ ਕਾਵਿ ਪੁਸਤਕਾਂ, ਤਿੰਨ ਆਲੋਚਨਾ ਦੀਆਂ ਪੁਸਤਕਾਂ, ਇਕ ਭਾਸ਼ਾ ਵਿਗਿਆਨ ਦੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਸੰਪੂਰਨ ਸ਼ਖਸੀਅਤ ਨਾਲ ਸੰਬੰਧਿਤ ਅੰਮ੍ਰਿਤਾ ਇੱਕ ਕਾਇਨਾਤ ਪੁਸਤਕ ਵੀ ਬਹੁਤ ਸਲਾਹੀ ਗਈ ।ਉਹਨਾਂ ਨੇ ਅੰਮ੍ਰਿਤਾ ਪ੍ਰੀਤਮ ਦਾ ਲਗਭਗ ਸਾਰਾ ਸਾਹਿਤ ਪੰਜਾਬੀ ਅਤੇ ਹਿੰਦੀ ਵਿੱਚ ਅਨੁਵਾਦ ਕੀਤਾ। ਇਸ ਤੋਂ ਇਲਾਵਾ ਸਾਹਿਤ ਅਕਾਦਮੀ , ਨੈਸ਼ਨਲ ਬੁੱਕ ਟਰੱਸਟ,ਪ੍ਰਥਮ ਬੁੱਕ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਪੁਸਤਕਾਂ ਪੰਜਾਬੀ ਤੋਂ ਹਿੰਦੀ ਜਾਂ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ।ਸਾਹਿਤ ਕਲਾ ਸੰਗਮ, ਪੰਜਾਬੀ ਅਕਾਦਮੀ ਦਿੱਲੀ ,ਭਾਰਤੀ ਅਨੁਵਾਦ ਪਰਿਸ਼ਦ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਨਮਾਨ ਵੀ ਪ੍ਰਾਪਤ ਕੀਤਾ । ਉਹ ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜ ਤੋਂ ਪੰਜਾਬੀ ਵਿਭਾਗ ਵਿੱਚੋਂ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਰਿਟਾਇਰ ਹੋਏ ਹਨ। ਇਮਰੋਜ਼ ਨਾਮਾ ਪੁਸਤਕ ਰਾਹੀਂ ਉਹਨਾਂ ਨੇ ਅੰਮ੍ਰਿਤਾ ਇਮਰੋਜ਼ ਦੇ ਜੀਵਨ ਦੀਆਂ ਝਲਕੀਆਂ ਅਤੇ ਯਾਦਾਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਇਸ ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਐਮ ਐਸ ਰੰਧਾਵਾ ਪੁਰਸਕਾਰ ਲਈ ਹੁਣੇ ਹੁਣੇ ਚੁਣਿਆ ਗਿਆ ਹੈ। ਸਾਰੇ ਦਰਸ਼ਕਾਂ ਨੇ ਅਮੀਆਂ ਕੁੰਵਰ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ । ਅਮੀਆ ਕੁੰਵਰ ਨੇ ਆਪਣੀਆਂ ਬਹੁਤ ਸਾਰੀਆਂ ਨਜ਼ਮਾਂ ਸੁਣਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਅਮੀਆ ਕੁੰਵਰ ਨੇ ਆਪਣੇ ਜੀਵਨ ਸਾਥੀ ਅਤੇ ਪਰਿਵਾਰ ਦਾ ਆਪਣੀ ਸ਼ਖਸੀਅਤ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੱਸਿਆ। ਉਹਨਾਂ ਨੇ ਦੱਸਿਆ ਕਿ ਅਨੁਵਾਦ ਚਾਹੇ ਉਹਨਾਂ ਦੇ ਮਨ ਭਾਉਂਦਾ ਖੇਤਰ ਹੈ ਪਰ ਉਹਨਾਂ ਨੂੰ ਜਿਆਦਾ ਸੰਤੁਸ਼ਟੀ ਕਵਿਤਾਵਾਂ ਲਿਖ ਕੇ ਮਿਲਦੀ ਹੈ। ਉਹਨਾਂ ਨੇ ਅੰਮ੍ਰਿਤਾ ਪ੍ਰੀਤਮ ਜੀ ਦਾ ਆਪਣੀ ਜ਼ਿੰਦਗੀ ਉੱਪਰ ਪ੍ਰਭਾਵ ਤੇ ਉਹਨਾਂ ਨਾਲ ਬਿਤਾਏ ਹੋਏ ਸਮੇਂ ਦਾ ਵਿਸ਼ੇਸ਼ ਤੌਰ ਤੇ ਭਾਵਕ ਹੁੰਦਿਆਂ ਜ਼ਿਕਰ ਕੀਤਾ। ਅਮਰਜੀਤ ਤੋਂ ਅਮੀਆਂ ਬਣਨ ਦੇ ਪਿੱਛੇ ਵੀ ਅੰਮ੍ਰਿਤਾ ਪ੍ਰੀਤਮ ਜੀ ਦੀ ਪ੍ਰੇਰਨਾ ਨੂੰ ਯਾਦਗਾਰੀ ਸਬੱਬ ਦੱਸਿਆ। ਇਸ ਪ੍ਰੋਗਰਾਮ ਵਿੱਚ ਡਾਕਟਰ ਬਲਜੀਤ ਕੌਰ ਰਿਆੜ ਨੇ ਅਮੀਆ ਕੰਵਰ ਜੀ ਦੀ ਸ਼ਖਸੀਅਤ ਨੂੰ ਅਤੇ ਉਨ੍ਹਾਂ ਦੇ ਸਾਹਿਤਿਕ ਸਫਰ ਨੂੰ ਪ੍ਰੇਰਨਾਦਾਇਕ ਦੱਸਿਆ । ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਅਤੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦੇ ਚੀਫ਼ ਪੈਟਰਨ ਦਲਬੀਰ ਸਿੰਘ ਕਥੂਰੀਆ ਨੇ ਅਮੀਆ ਨਾਲ ਹੋਈ ਮੁਲਾਕਾਤ ਨੂੰ ਪ੍ਰਭਾਵਸ਼ਾਲੀ ਦੱਸਿਆ , ਉਨ੍ਹਾਂ ਕਿਹਾ ਅਮੀਆ ਕੁੰਵਰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਜੁੜੀ ਸ਼ਖਸੀਅਤ ਹੈ। ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦੇ ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਨੇ ਸਮੁੱਚੇ ਪ੍ਰੋਗਰਾਮ ਸਬੰਧੀ ਆਪਣੇ ਪ੍ਰਭਾਵ ਪ੍ਰਗਟ ਕੀਤੇ ਤੇ ਇਸ ਪ੍ਰੋਗਰਾਮ ਰਾਹੀਂ ਅਮੀਆ ਕੁੰਵਰ ਦੀ ਸ਼ਖਸੀਅਤ ਬਾਰੇ ਮਿਲੀ ਜਾਣਕਾਰੀ ਨੂੰ ਲਾਹੇਵੰਦ ਦੱਸਿਆ । ਉਨਾਂ ਅਮੀਆ ਕੰਵਰ ਜੀ ਦੇ ਸੁਭਾਅ ਵਿੱਚਲੇ ਆਪਣੇ ਪਣ ਅਤੇ ਪਿਆਰ ਦੀ ਗੱਲ ਕਰਦਿਆਂ ਉਹਨਾਂ ਨੂੰ ਸਾਹਿਤਿਕ ਤੌਰ ਤੇ ਵੀ ਇੱਕ ਵਿਸ਼ੇਸ਼ ਪ੍ਰਤਿਭਾਸ਼ਾਲੀ ਸ਼ਖਸੀਅਤ ਵਜੋਂ ਦੱਸਿਆ। ਉਹਨਾਂ ਅਨੁਸਾਰ ਅਮੀਆ ਕੁੰਵਰ ਜਿੱਥੇ ਇੱਕ ਅਨੁਵਾਦਕਾ ਦੇ ਤੌਰ ਤੇ ਪ੍ਰਸਿੱਧ ਹਨ ਉੱਥੇ ਉਹਨਾਂ ਨੇ ਕਾਵਿ ਖੇਤਰ ਵਿੱਚ ਵੀ ਬਹੁਤ ਸੰਜੀਦਾ ਵਿਸ਼ੇ ਚੁਣੇ ਹਨ। ਉਹਨਾਂ ਨੇ ਸਮੁੱਚੇ ਦਰਸ਼ਕਾਂ ਦਾ ਤੇ ਰਮਿੰਦਰ ਰੰਮੀ ਦਾ ਧੰਨਵਾਦ ਕੀਤਾ ਜਿਹੜੇ ਅਜਿਹੇ ਪ੍ਰੋਗਰਾਮ ਰਚਾਉਂਦੇ ਰਹਿੰਦੇ ਹਨ ਜਿਨਾਂ ਵਿੱਚ ਦੇਸ਼ ਵਿਦੇਸ਼ ਤੋਂ ਸ਼ਖਸੀਅਤਾਂ ਨਾਲ ਦਰਸ਼ਕਾਂ ਨੂੰ ਰੂਬਰੂ ਕਰਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਰਮਿੰਦਰ ਰੰਮੀ ਦੁਆਰਾ ਸੰਪਾਦਿਤ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਈ ਮੈਗਜ਼ੀਨ (ਅਗਸਤ ਸਤੰਬਰ )ਨੂੰ ਵੀ ਰਿਲੀਜ਼ ਕੀਤਾ ਗਿਆ। ਇਹ ਵਰਨਣਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕਾਂ ਅਤੇ ਲੇਖਕਾਂ ਨੇ ਭਾਗ ਲਿਆ।
ਸਿਰਜਨਾ ਦੇ ਆਰ ਪਾਰ ਵਿੱਚ ਪ੍ਰੋ. ਕੁਲਜੀਤ ਜੀ ਦੁਆਰਾ ਰੂਬਰੂ ਪ੍ਰੋਗਰਾਮ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਤੇ ਕੁਝ ਸਾਹਿਤ ਪ੍ਰੇਮੀ ਹਰ ਮਹੀਨੇ ਇਸ ਪ੍ਰੋਗਰਾਮ ਨੂੰ ਨਿੱਠ ਕੇ ਸੁਣਦੇ ਅਤੇ ਅਨੰਦ ਮਾਣਦੇ ਹਨ । ਕੁਲਜੀਤ ਜੀ ਦੇ ਬੋਲਣ ਦਾ ਨਿਵੇਕਲਾ ਅੰਦਾਜ਼ ਦਰਸ਼ਕ ਬਹੁਤ ਪਸੰਦ ਕਰਦੇ ਹਨ । ਪ੍ਰੋ. ਕੁਲਜੀਤ ਕੌਰ ਜੀ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ।
ਦਰਸ਼ਕਾਂ ਨੂੰ ਸ. ਪਿਆਰਾ ਸਿੰਘ ਕੁੱਦੋਵਾਲ ਜੀ ਨੂੰ ਸੁਨਣਾ ਤੇ ਪ੍ਰੋਗਰਾਮ ਨੂੰ ਸਮਅੱਪ ਕਰਨ ਦਾ ਉਹਨਾਂ ਦੇ ਵਿਲੱਖਣ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ ।
ਰਮਿੰਦਰ ਰੰਮੀ ਨੇ ਇਕ ਵਾਰ ਫਿਰ ਸੱਭ ਦਾ ਧੰਨਵਾਦ ਕਰਦਿਆਂ ਕਿਹਾ ਕਿ “ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “
ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।