ਪਟਿਆਲਾ 27 ਸਤੰਬਰ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਪੰਜਾਬੀ ਸਾਹਿਤ ਸਭਾ ਸੰਗਰੂਰ ਦੀ ਇੱਕਤਰਤਾ ਅੱਜ ਡਾ. ਤੇਜਵੰਤ ਮਾਨ ਵਿਸ਼ਵ ਚਿੰਤਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਡਾ. ਨਰਵਿੰਦਰ ਕੌਸ਼ਲ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਗੁਰਨਾਮ ਸਿੰਘ, ਹਰਕੇਸ਼ ਸਿੰਘ, ਡਾ. ਗੁਰਮੀਤ ਸਿੰਘ, ਸੰਦੀਪ ਸਿੰਘ, ਅਵਤਾਰ ਸਿੰਘ, ਕੁਲਵੰਤ ਕਸਕ, ਦੇਸ ਭੂਸ਼ਨ, ਚਰਨ ਬੰਬੀਹਾ, ਦਰਬਾਰਾ ਸਿੰਘ ਢੀਂਡਸਾ, ਤੇਜਾ ਸਿੰਘ ਤਿਲਕ, ਮਹਿੰਦਰ ਸਿੰਘ ਆਦਿ ਅਨੇਕਾਂ ਸਾਹਿਤਕਾਰ ਬੁੱਧੀਜੀਵੀ ਸ਼ਾਮਲ ਹੋਏ। ਮੀਟਿੰਗ ਵਿੱਚ ਪੰਜਾਬੀ ਦੇ ਉੱਘੇ ਚਿੰਤਕ, ਦਰਸ਼ਨਵੇਤਾ ਪ੍ਰੋ. ਗੁਰਮੀਤ ਸਿੰਘ ਟਿਵਾਣਾ ਦੀ ਐਬਟਸਫੋਰਡ ਕੈਨੇਡਾ ਵਿੱਚ ਹੋਏ ਦੇਹਾਂਤ ਤੇ ਸ਼ੋਕ ਵਿਅਕਤ ਕੀਤਾ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਪ੍ਰੋ. ਗੁਰਮੀਤ ਸਿੰਘ ਟਿਵਾਣਾ ਨੇ ਧਰਮ ਅਤੇ ਮਾਰਕਸਵਾਦ ਦੇ ਸਮਨਵੈ ਦਾ ਸਹੀ ਵਿਸ਼ਲੇਸ਼ਣ ਕੀਤਾ ਸੀ। ਉਨ੍ਹਾਂ ਨੇ ਪ੍ਰੋ. ਕਿਸ਼ਨ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਤੋਰਿਆ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਅਖੌਤੀ ਮਾਰਕਸਵਾਦੀਆਂ ਤੇ ਕੱਟੜਵਾਦੀਆਂ ਨੇ ਮਾਰਕਸਵਾਦ ਤੇ ਧਰਮ ਦੇ ਬਿਖੇੜੇ ਖੜੇ ਕੀਤੇ ਜਦਕਿ ਮਾਰਕਸਵਾਦ ਤੇ ਸਿੱਖ ਧਰਮ ਇੱਕ ਦੂਸਰੇ ਦੇ ਪੂਰਕ ਹਨ। ਮਨੁੱਖ ਨੂੰ ਸਹੀ ਸੇਧ ਦੇਣ ਵਿੱਚ ਧਰਮ ਦੀ ਬਹੁਤ ਵੱਡੀ ਦੇਣ ਹੈ। ਪ੍ਰੋ. ਟਿਵਾਣਾ ਨੇ ਇਸ ਦਿਸ਼ਾ ਵਿੱਚ ਵੱਡਾ ਕਾਰਜ ਕੀਤਾ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਵਿਰਾਸਤ ਫਾਊਂਡੇਸ਼ਨ ਕਨੇਡਾ ਦੇ ਭੁਪਿੰਦਰ ਸਿੰਘ ਮੱਲੀ ਨੇ ਪ੍ਰੋ. ਗੁਰਮੀਤ ਸਿੰਘ ਟਿਵਾਣਾ ਦੁਆਰਾ ਸੰਪਾਦਤ ਪ੍ਰੋ. ਕਿਸ਼ਨ ਸਿੰਘ ਰਚਨਾਵਲੀ ਛਪਾ ਕੇ ਅੰਤਮ ਪਲਾ ਵਿੱਚ ਉਨ੍ਹਾਂ ਦੇ ਰੂ-ਬ-ਰੂ ਕੀਤੀ। ਇਹ ਪ੍ਰੋ. ਸਾਹਿਬ ਦਾ ਲਾਸਾਨੀ ਕਾਰਜ ਹੈ। ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਪ੍ਰੋ. ਟਿਵਾਣਾ ਨੂੰ ਸਰਧਾਂਜਲੀ ਅਰਪਿਤ ਕੀਤੀ। ਜੋਰਾ ਸਿੰਘ ਮੰਡੇਰ ਅਤੇ ਅਨੋਖ ਸਿੰਘ ਵਿਰਕ ਨੇ ਵੀ ਆਪਣੇ ਵੱਲੋਂ ਵੱਖਰੇ ਤੌਰ ਤੇ ਸਰਧਾਂਜਲੀ ਭੇਂਟ ਕੀਤੀ।