ਸਰੀ, 28 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਖੇਤਰ ਦੇ ਉੱਘੇ ਕਾਰੋਬਾਰੀ ਜਤਿੰਦਰ ਜੇ ਮਿਨਹਾਸ ਨੂੰ ਉਹਨਾਂ ਦੀਆਂ ਸਮਾਜਿਕ ਸੇਵਾਵਾਂ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਸਰੀ ਵਿਚ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਵਰਨਣਯੋਗ ਹੈ ਕਿ ਜੇ ਮਿਨਹਾਸ ਬੀਤੇ ਕਈ ਸਾਲਾਂ ਤੋਂ ਗੁਰੂ ਨਾਨਕ ਫੂਡ ਬੈਂਕ 1313 ਦੇ ਫਾਊਂਡਰ ਮੈਂਬਰ ਹਨ। ਇਸ ਸੰਸਥਾ ਵੱਲੋਂ ਇੰਡੀਆ ਅਤੇ ਵਿਸ਼ੇਸ਼ ਕਰ ਕੇ ਪੰਜਾਬ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੋੜੀਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਪੰਜਾਬ ਵਿੱਚ ਕੁਦਰਤੀ ਆਫਤ ਦੌਰਾਨ ਹੜਾਂ ਦੀ ਮਾਰ ਵਗੀ। ਜਿਸ ਨਾਲ ਪੰਜਾਬ ਦੇ ਕਈ ਜ਼ਿਲੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਅਨੇਕਾਂ ਘਰ ਤਬਾਹ ਹੋ ਗਏ। ਜਿੱਥੇ ਪੰਜਾਬੀਆਂ ਨੇ ਉਹਨਾਂ ਦੀ ਸਹਾਇਤਾ ਲਈ ਵੱਡਾ ਯੋਗਦਾਨ ਪਾਇਆ। ਉੱਥੇ ਪੰਜਾਬ ਤੋਂ ਬਾਹਰ ਵਸਦੇ ਸਿੱਖ ਭਾਈਚਾਰੇ ਨੇ ਵੀ ਵੱਡਾ ਯੋਗਦਾਨ ਪਾਇਆ।
ਜਤਿੰਦਰ ਜੇ ਮਿਨਹਾਸ ਅਤੇ ਉਹਨਾਂ ਦੇ ਸਹਿਯੋਗੀ ਗਿਆਨੀ ਨਰਿੰਦਰ ਸਿੰਘ (ਪ੍ਰਧਾਨ ਗੁਰਦੁਆਰਾ ਦੁੱਖ ਨਿਵਾਰਨ ਸਰੀ) ਨੇ ਵੀ ਹੜ ਪੀੜਤਾਂ ਲਈ ਰਾਹਤ ਫੰਡ ਇਕੱਠਾ ਕਰਨ ਦਾ ਉਪਰਾਲਾ ਕੀਤਾ ਅਤੇ ਦਾਨੀਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਕਈ ਲੱਖ ਡਾਲਰ ਇਕੱਤਰ ਹੋਏ। ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨਾਲ ਸੰਪਰਕ ਕਰ ਕੇ ਉਹਨਾਂ ਰਾਹੀਂ ਇਹ ਰਾਹਤ ਰਾਸ਼ੀ ਹੜ ਪੀੜਤਾਂ ਵਿੱਚ ਤਕਸੀਮ ਕਰਨ ਦੇ ਲਈ ਯਤਨ ਹੋ ਰਹੇ ਹਨ।
ਜਤਿੰਦਰ ਜੇ ਮਿਨਹਾਸ ਦੇ ਸੁਚੱਜੇ ਅਤੇ ਸਮਾਜ ਸੇਵੀ ਕਾਰਜਾਂ ਕਰ ਕੇ ਬੀਤੇ ਦਿਨੀਂ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮਲਜੀਤ ਸਿੰਘ ਸਰਪੰਚ ਚਾਵਾ ਵੀ ਮੌਜੂਦ ਸਨ।