ਕੋਟਕਪੂਰਾ, 28 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਜੋਕੇ ਯੁੱਗ ਵਿੱਚ ਵਿਸ਼ਵ ਪੱਧਰ ਉੱਤੇ ਹੋ ਰਹੇ ਤਕਨੀਕੀ ਵਿਕਾਸ, ਡਿਜ਼ੀਟਲ ਇਨੋਵੇਸ਼ਨ ਅਤੇ ਗਲੋਬਲ ਮੁਕਾਬਲੇ ਨੂੰ ਦੇਖਦਿਆਂ ਅਧਿਆਪਕਾਂ ਨੂੰ ਅਕਾਦਮਿਕ ਗਿਆਨਵਾਨ ਵਿਧੀਆਂ ਤੋਂ ਇਲਾਵਾ ਪੜ੍ਹਾਈ ਦੇ ਪੱਧਰ ਨੂੰ ਹੋਰ ਉਚੇਚਾ ਚੁੱਕਣ ਲਈ ਕਈ ਲਾਜ਼ਮੀ ਕੁਸ਼ਲਤਾਵਾਂ ਦੀ ਵੀ ਲੋੜ ਹੁੰਦੀ ਹੈ। ਜਿਸ ਅਧੀਨ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਚ ਟਰੇਨਰ ਆਫਰੀਨ ਸ਼ੇਖ (ਡਿਪਟੀ ਅਕੈਡਮਿਕ ਹੈਡ ਐਡੂਵੇਟ) ਦੁਆਰਾ 21ਵੀਂ ਸਦੀ ਦੇ ਹੁਨਰ ਨਾਲ ਸਬੰਧਤ ਇੱਕ ਖਾਸ ਟ੍ਰੇਨਿੰਗ ਰੱਖੀ ਗਈ, ਜਿਸ ਵਿੱਚ ਹੁਨਰ ਸਿਖਲਾਈ ਸੰਬੰਧਤ ਵੱਖ ਵੱਖ ਪੱਖਾਂ ਉੱਪਰ ਚਾਨਣਾ ਪਾਇਆ ਗਿਆ ਅਤੇ ਅਧਿਆਪਕਾਂ ਨੂੰ ਵੱਖ-ਵੱਖ ਗਤੀਵਿਧੀਆਂ ਦੁਆਰਾ ਅਕਾਦਮਿਕ ਗਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਟ੍ਰੇਨਰ ਆਫਰੀਨ ਸ਼ੇਖ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਆਧੁਨਿਕ ਸਿੱਖਿਆ ਵਿੱਚ ਤਕਨੀਕੀ ਲੋੜਾਂ ਬਾਰੇ ਜਾਣਕਾਰੀ ਦਿੱਤੀ ਹੈ, ਉੱਥੇ ਹੀ ਲਰਨਿੰਗ ਸਕਿਲਸ ਦੇ ਤਿੰਨ ਮੁੱਖ ਪੱਖਾਂ ਜਿਸ ਵਿੱਚ ‘ਦਾ 4ਸੀ, ਐੱਫ ਐੱਲ ਆਈ ਪੀ ਐੱਸ, ਆਈ ਐੱਮ ਟੀ ਨੂੰ ਗਤੀਵਿਧੀਆਂ ਦੁਆਰਾ ਵਿਸਥਾਰ ਵਿੱਚ ਦੱਸਿਆ ਗਿਆ ਅਤੇ ਸਕੂਲ ਸਮੇਂ ਦੌਰਾਨ ਅਕਾਦਮਿਕ ਗਿਆਨ ਦੇਣ ਵਿੱਚ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਡਾ. ਨਸੀਮ ਬਾਨੋ ਅਤੇ ਸਮੂਹ ਅਧਿਆਪਕ ਸਾਹਿਬਾਨ ਦੁਆਰਾ ਟਰੇਨਰ ਆਫਰੀਨ ਸ਼ੇਖ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਐਡੂਵੇਟ ਕੰਪਨੀ ਵੱਲੋਂ ਨਿਰਧਾਰਿਤ ਕੀਤੇ ਗਏ ਇਸ ਪ੍ਰੋਗਰਾਮ ਲਈ ਸ਼ਲਾਘਾ ਵੀ ਕੀਤੀ ਗਈ। ਅਖੀਰ ਵਿੱਚ ਇਹਨਾਂ ਸਿੱਖਿਅਕ ਪਲਾਂ ਨੂੰ ਸਾਂਝਾ ਕਰਦੇ ਹੋਏ ਸਮੂਹ ਸਟਾਫ ਦੇ ਨਾਲ ਟਰੇਨਰ ਆਫਰੀਨ ਸ਼ੇਖ ਦੁਆਰਾ ਗੁਰੁੱਪ ਫੋਟੋ ਦਾ ਪ੍ਰਸਤਾਵ ਰੱਖਿਆ ਗਿਆ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਹੁਨਰ ਟ੍ਰੇਨਿੰਗ ਦੇਣ ਸਬੰਧੀ ਬਹੁਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਸਨਮਾਨ ਚਿੰਨ ਭੇਂਟ ਕੀਤੇ ਗਏ।