ਮੁਸੀਬਤ ਵਿੱਚ ਲੋਕਾਂ ਦਾ ਸਾਥ ਦੇਣਾ ਹੀ ਸਾਡੀ ਅਸਲੀ ਜਿੰਮੇਵਾਰੀ : ਸੱਚਰ

ਕੋਟਕਪੂਰਾ, 29 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਲੀਡਰ ਅਤੇ ਸਮਾਜਸੇਵੀ ਅਰਸ਼ ਸੱਚਰ ਨੇ ਅੱਜ ਆਪਣੀ ਟੀਮ ਨਾਲ ਮਿਲ ਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਾਣੀ ਦੇ ਕਹਿਰ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਫਿਰੋਜ਼ਪੁਰ ਬਾਰਡਰ ਇਲਾਕੇ ਨੇੜਲੇ ਕਈ ਪਿੰਡਾਂ ਵਿੱਚ ਜਾ ਕੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਦਾ ਹਾਲ-ਚਾਲ ਪੁੱਛਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਦੌਰਾਨ ਸਿਹਤ ਸਬੰਧੀ ਜ਼ਰੂਰੀ ਮੈਡੀਕਲ ਕਿੱਟਾਂ ਵੀ ਵੰਡੀਆਂ ਗਈਆਂ। ਇਨ੍ਹਾਂ ਮੈਡੀਕਲ ਕਿੱਟਾਂ ਵਿੱਚ ਲੋਕਾਂ ਦੀ ਰੋਜ਼ਮਰਾਂ ਦੀ ਲੋੜ ਅਨੁਸਾਰ ਐਸਿਡਿਟੀ ਕੈਪਸੂਲ, ਪੈਰਾਸੀਟਾਮੋਲ, ਨਿਮਸੁਲਾਈਡ, ਇਮਿਊਨਿਟੀ ਬੂਸਟਰ, ਕੈਲਸ਼ੀਅਮ, ਮਲਟੀਵਿਟਾਮਿਨ, ਪਲੇਟਲੈੱਟ ਬੂਸਟਰ, ਜੋੜ ਦਰਦ ਦੀ ਦਵਾਈ ਅਤੇ ਸੈਨਟਰੀ ਪੈਡ ਸ਼ਾਮਲ ਸਨ। ਅਰਸ਼ ਸੱਚਰ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਅਤੇ ਮੁਸੀਬਤ ਸਮੇਂ ਉਨ੍ਹਾਂ ਦਾ ਸਾਥ ਦੇਣਾ ਹੀ ਸਾਡੀ ਅਸਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਕਹਿਰ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣਾ ਸਿਰਫ਼ ਫਰਜ ਹੀ ਨਹੀਂ, ਸਗੋਂ ਇੱਕ ਸਮਾਜਿਕ ਜ਼ਿੰਮੇਵਾਰੀ ਹੈ। ਅਰਸ਼ ਸੱਚਰ ਨੇ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਪਿੰਡਾਂ ਵਿੱਚ ਵੀ ਇਹ ਸੇਵਾ ਜਾਰੀ ਰੱਖੀ ਜਾਵੇਗੀ ਤਾਂ ਜੋ ਕਿਸੇ ਵੀ ਪਰਿਵਾਰ ਨੂੰ ਮੱਦਦ ਤੋਂ ਵਾਂਝਾ ਨਾ ਰਹਿਣਾ ਪਵੇ। ਇਸ ਮੁਹਿੰਮ ਵਿੱਚ ਟੀਮ ਮੈਂਬਰਾਂ ਤੇਜਬੀਰ ਸਿੰਘ ਮਾਨ, ਡਾ. ਵਿਸ਼ਾਲ, ਪੁਸ਼ਮੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸਾਦਿਕ, ਰਾਕੇਸ਼ ਕੁਮਾਰ, ਹਰਵਿੰਦਰ ਸਿੰਘ ਸਾਈ ਅਤੇ ਕਪਿਲ ਅੱਗਰਵਾਲ ਆਦਿ ਨੇ ਭਾਗ ਲਿਆ।