
ਚੰਡੀਗੜ੍ਹ 29 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ‘ਰੋਟਰੀ ਕਲੱਬ ‘ਸੈਕਟਰ 70 ਐਸ. ਏ. ਐੱਸ. ਨਗਰ(ਮੁਹਾਲੀ) ਵਿਖੇ ਹੋਈ,ਜਿਸ ਦੀ ਪ੍ਰਧਾਨਗੀ ਰੋਟਰੀ ਕਲੱਬ ਦੇ ਪ੍ਰਧਾਨ ਸ਼੍ਰੀ ਸਤੀਸ਼ ਅਰੋੜਾ ਜੀ ਵੱਲੋਂ ਕੀਤੀ ਗਈ। ਇਹਨਾਂ ਤੋੰ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਪਰਮਜੀਤ ਕੌਰ ਪਰਮ,ਡਾ. ਅਵਤਾਰ ਸਿੰਘ ਪਤੰਗ,ਸ.ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ ਵੀ ਸ਼ਾਮਿਲ ਸਨ। ਸਭ ਤੋਂ ਪਹਿਲਾਂ ਸੰਗੀਤ ਸਮਰਾਟ ਸ੍ਰੀ ਚਰਨਜੀਤ ਅਹੂਜਾ ਅਤੇ ਪ੍ਰਸਿੱਧ ਲੇਖਕ ਰਿਪੁਦਮਨ ਸਿੰਘ ਦੀ ਪਤਨੀ ਸ਼੍ਰੀਮਤੀ ਸਤਪਾਲ ਕੌਰ ਜੋ ਕਿ ਪ੍ਰਸਿੱਧ ਨਾਟਕਕਾਰ ਤੇ ਨਿਰਦੇਸ਼ਕ ਸੰਜੀਵਨ ਸਿੰਘ ਤੇ ਰੰਜੀਵਨ ਸਿੰਘ ਦੇ ਮਾਤਾ ਜੀ ਜੋ ਪਿਛਲੇ ਦਿਨੀਂ ਸਦੀਂਵੀਂ ਵਿਛੋੜਾ ਦੇ ਗਏ ਸਨ,ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਸੰਸਥਾ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ ਵਲੋਂ ਅੱਜ ਦੇ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਬਲਵਿੰਦਰ ਢਿੱਲੋਂ ਵੱਲੋਂ ਬਾਬੂ ਰਜਬ ਅਲੀ ਦੀ ਖੂਬਸੂਰਤ ਰਚਨਾ ਸੁਣਾ ਕੇ ਕਵੀ ਦਰਬਾਰ ਦਾ ਆਗਾਜ਼ ਕੀਤਾ ਗਿਆ।ਲਾਭ ਸਿੰਘ ਲਹਿਲੀ,ਰੇਖਾ ਮਿੱਤਲ,ਗੁਰਮੇਲ ਸਿੰਘ ਮੌਜੋਵਾਲ ਅਤੇ ਧਿਆਨ ਸਿੰਘ ਕਾਹਲੋਂ ਨੇ ਸ਼ਹੀਦ ਭਗਤ ਸਿੰਘ ਦੀਆਂ ਰਚਨਾਵਾਂ ਪੇਸ਼ ਕੀਤੀਆਂ। ਅਮਰਜੀਤ ਅਰਪਣ , ਪਿਆਰਾ ਸਿੰਘ ਰਾਹੀ ਅਤੇ ਪਾਲ ਅਜਨਬੀ ਨੇ ਕੁਦਰਤ ਦੀ ਤਾਕਤ ਬਾਰੇ ਬਹੁਤ ਵਧੀਆ ਰਚਨਾਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ।ਸੋਹਣ ਸਿੰਘ ਬੈਨੀਪਾਲ ਤੇ ਮੰਦਰ ਗਿੱਲ ਸਾਹਬਚੰਦੀਆਂ ਵੱਲੋਂ ਹੜ੍ਹ ਆਉਣ ਤੋਂ ਬਾਅਦ ਹਿੰਮਤ ਨਾ ਹਾਰਨ ਦੀਆਂ ਕਵਿਤਾਂਵਾਂ ਸਾਂਝੀਆਂ ਕੀਤੀਆਂ ।ਪ੍ਰਸਿੱਧ ਲੇਖਕ ਈਸ਼ਰ ਸਿੰਘ ‘ਲੰਭਵਾਲੀ’ਜੋ ਵਿਸ਼ੇਸ਼ ਤੌਰ ਤੇ ਮੁਕਤਸਰ ਤੋਂ ਹਾਜ਼ਰ ਹੋਏ ਉਹਨਾਂ ਨੇ ਧੀਆਂ ਬਾਰੇ ਅਤੇ ਪ੍ਰਤਾਪ ਪਾਰਸ ਨੇ ਪਰਦੇਸ ਗਏ ਪੁੱਤਰਾਂ ਲਈ ਮਾਂ ਦਾ ਦਰਦ ਤਰੰਨੁਮ ਚ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।ਮਲਕੀਤ ਨਾਗਰਾ ਨੇ ਸੰਤ ਰਾਮ ਉਦਾਸੀ ਦੀ ਰਚਨਾ ਸੁਣਾ ਕੇ ਆਪਣੀ ਹਾਜ਼ਰੀ ਲਵਾਈ।ਦਰਸ਼ਨ ਤਿਉਣਾ ਨੇ ਬਹੁਤ ਹੀ ਖੂਬਸੂਰਤ ਗੀਤ ਜੋਗੀਆ ਨਾਲ ਤੇ ਗੁਰਦਾਸ ਸਿੰਘ ਦਾਸ ਨੇ ਸੋਹਣੀ ਮਹੀਂਵਾਲ ਦੀ ਰਚਨਾ ਸੁਣਾ ਕੇ ਵਾਹ ਵਾਹ ਖੱਟੀ। ਭਰਪੂਰ ਸਿੰਘ ਨੇ ਬੇਰੁਜ਼ਗਾਰੀ ਨੂੰ ਦਰਸਾਉਂਦੀ ਰਚਨਾ ਪੇਸ਼ ਕੀਤੀ। ਸੁਰਿੰਦਰਪਾਲ ਤੇ ਤਿਲਕ ਸੇਠੀ ਨੇ ਦੀ ਗਜ਼ਲਾਂ ਅਤੇ ਖੂਬਸੂਰਤ ਸ਼ਾਇਰੀ ਨਾਲ ਸਰੋਤਿਆਂ ਨੂੰ ਕੀਲ ਲਿਆ। ਮਹਿੰਦਰ ਸਿੰਘ ਗੋਸਲ ਨੇ ਆਪਣੀ ਰਚਨਾ ਵਿੱਚ ਹਾਥਰਸ ਦੀ ਦਰਦਨਾਕ ਘਟਨਾ ਦਾ ਜ਼ਿਕਰ ਕੀਤਾ। ਸੁਰਿੰਦਰ ਕੁਮਾਰ ਨੇ ਵਿਲੱਖਣ ਕਿਸਮ ਦੀ ਰਚਨਾ ਪੇਸ਼ ਕੀਤੀ। ਇਸ ਤੋਂ ਇਲਾਵਾ ਡਾ. ਸੰਤ ਲਾਲ ਨੇ ਸਿਹਤ ਸਬੰਧੀ ਨੁਸਖ਼ਿਆਂ ਬਾਰੇ ਜਾਣੂ ਕਰਵਾਇਆ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਸਤੀਸ਼ ਅਰੋੜਾ ਨੇ ਪ੍ਰਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਹੋਣੇ ਚਾਹੀਦੇ ਹਨ ਤੇ ਨਾਲ ਹੀ ਸਾਦਗੀ ਵਾਲਾ ਜੀਵਨ ਜਿਊਣ ਦੇ ਨੁਕਤੇ ਸਾਂਝੇ ਕੀਤੇ। ਇਸ ਇਕੱਤਰਤਾ ਵਿੱਚ ਚਰਨਜੀਤ ਕਲੇਰ,ਰਜਿੰਦਰ ਰੇਨੂੰ,ਹਰਜੀਤ ਸਿੰਘ,ਅੰਸ਼ੂਕਰ ਮਹੇਸ਼,ਕਮਲ,ਤਰਨਜੀਤ ਸਿੰਘ, ਰਮਨਦੀਪ ਰਮਣੀਕ,ਜਗਤਾਰ ਜੱਗਾ,ਮਨਜੀਤ ਕੌਰ ਮੁਹਾਲੀ,ਹਰਭਜਨ ਕੌਰ ਢਿੱਲੋਂ,ਸਰਬਜੀਤ ਸਿੰਘ ਪੱਡਾ,ਪ੍ਰਲਾਦ ਸਿੰਘ,ੳ.ਪੀ. ਵਰਮਾ,ਸਾਹਿਤ ਚਿੰਤਨ ਦੇ ਪ੍ਰਧਾਨ ਸਰਦਾਰਾ ਸਿੰਘ ਚੀਮਾ ਨੇ ਵੀ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ। ਅੰਤ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਇਸ ਸਾਹਿਤਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।