ਫਰੀਦਕੋਟ, 29 ਸਤੰਬਰ ( ਵਰਲਡ ਪੰਜਾਬੀ ਟਾਈਮਜ਼)
“ਅਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਅਜਾਦੀ ਦੇ 78 ਸਾਲ ਬਾਅਦ ਆਪਣੇ ਜਾਇਜ ਹੱਕਾਂ ਲਈ ਪੁਰਅਮਨ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ‘ਰਾਸ਼ਟਰੀ ਸੁਰੱਖਿਆ ਕਾਨੂੰਨ’ ਤਹਿਤ ਜੇਲਾਂ ਵਿੱਚ ਡਕਿਆ ਜਾਵੇਗਾ ਅਤੇ ਫਿਰਕੂ ਦੰਗੇ ਭੜਕਾਉਣ ਵਾਲੇ ਸ਼ਰੇਆਮ ਦਨਦਨਾਉਂਦੇ ਫਿਰਨਗੇ।” ਇਹ ਸ਼ਬਦ ਸ, ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਉਣ ਲਈ ਸਥਾਨਕ ਕਾਮਰੇਡ ਅਮੋਲਕ ਭਵਨ ਵਿੱਚ ਇੱਕਠੇ ਹੋਏ ਪਾਰਟੀ ਮੈੰਬਰਾਂ ਅਤੇ ਹਮਦਰਦਾਂ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ ਦੇ ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਕਹੇ। ਉਨਾਂ ਕਿਹਾ ਕਿ ਲਦਾਖ ਵਰਗੇ ਸੰਵੇਦਨਸ਼ੀਲ ਇਲਾਕੇ ਦੇ ਲੋਕ ਆਪਣੇ ਹਰਮਨਪਿਆਰੇ ਆਗੂ ਸੋਨਮ ਵਾਂਗਚੁੱਕ ਦੀ ਅਗਵਾਈ ਹੇਠ ਪਿਛਲੇ ਪੰਜ ਸਾਲ ਤੋਂ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਲਦਾਖ ਦੀ ਜਮੀਨ ਨੂੰ ਕਾਰਪੋਰੇਟੀ ਬਘਿਆੜਾਂ ਵੱਲੋਂ ਹੜੱਪੇ ਜਾਣ ਤੋਂ ਬਚਾਉਣ ਲਈ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਿਲ ਕਰਨ ਦੀ ਮੰਗ ਕਰ ਰਹੇ ਸਨ ਪਰ ਮੋਦੀ ਸਰਕਾਰ ਦੇ ਕੰਨਾਂ ‘ਤੇ ਜੂੰ ਨਾ ਸਰਕੀ। ਜਦੋਂ ਲੰਬੀ ਭੁੱਖ ਹੜਤਾਲ ਕਾਰਨ ਆਗੂਆਂ ਦੀ ਵਿਗੜ ਰਹੀ ਸਿਹਤ ਅਤੇ ਸਰਕਾਰ ਦੀ ਬੇਰੁਖੀ ਕਾਰਨ ਹਾਲਾਤ ਖਰਾਬ ਹੋ ਗਏ ਤਾਂ ਉਲਟਾ ਗਾਂਧੀਵਾਦੀ ਆਗੂਆਂ ਨੂੰ ਹੀ ਹਿੰਸਕ ਘਟਨਾਵਾਂ ਦਾ ਜਿੰਮੇਵਾਰ ਠਹਿਰਾ ਕੇ ਪ੍ਰਮੁੱਖ ਆਗੂ ਸੋਨਮ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਜੋਧਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਸਭਾ ਨੂੰ ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਬਿਜਲੀ ਨਿਗਮ ਦੇ ਰਮੇਸ਼ ਕੌਸ਼ਲ ਅਤੇ ਅਸ਼ੋਕ ਸੇਠੀ, ਨਰੇਗਾ ਆਗੂ ਵੀਰ ਸਿੰਘ ਕੰਮੇਆਣਾ, ਗੁਰਚਰਨ ਸਿੰਘ ਮਾਨ, ਬਲਕਾਰ ਸਿੰਘ ਸਹੋਤਾ, ਸ਼ਿਵ ਨਾਥ ਦਰਦੀ ਅਤੇ ਕੁਲਵੰਤ ਸਿੰਘ ਚਾਨੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦੀ ਰਾਖੀ ਕਰਕੇ ਹੀ ਅਸੀਂ ਸ ਭਗਤ ਸਿੰਘ ਦੇ ਸੱਚੇ ਵਾਰਿਸ ਕਹਾਉਣ ਦੇ ਹੱਕਦਾਰ ਹੋ ਸਕਦੇ ਹਾਂ। ਇਸ ਸਮੇਂ ਮੁਖਤਿਆਰ ਸਿੰਘ ਭਾਣਾ, ਤਰਸੇਮ ਭਾਣਾ, ਜਤਿੰਦਰ ਸਿੰਘ, ਸੁਖਚੈਨ ਸਿੰਘ ਥਾਂਦੇਵਾਲਾ, ਗੁਰਦੀਪ ਸਿੰਘ ਕੰਮੇਆਣਾ, ਮੇਜਰ ਸਿੰਘ ਜੌਹਲ, ਬਲਵਿੰਦਰ ਸਿੰਘ ਅਰਾਈਆਂਵਾਲਾ ਅਤੇ ਗੋਕਲ ਸਿੰਘ ਮਹਿਮੂਆਣਾ ਨੇ ਵੀ ਭਗਤ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਕ ਮਤਾ ਪਾਸ ਕਰਕੇ ਲਦਾਖ ਦੇ ਆਗੂ ਸੋਨਮ ਵਾਂਗਚੁਕ ਅਤੇ ਉਸਦੇ ਸਾਥੀਆਂ ਨੂੰ ਤੁਰੰਤ ਰਿਹਾ ਕਰਨ ਅਤੇ ਉਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।