ਕੋਟਕਪੂਰਾ, 29 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਦੇ ਜਿਲ੍ਹਾ ਯੂਥ ਪ੍ਰਧਾਨ ਮਨਵੀਰ ਰੰਗਾ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੀਆਂ ਔਰਤਾਂ ਨੂੰ ‘ਲਾਡੋ ਲਕਸ਼ਮੀ ਯੋਜਨਾ’ ਸਕੀਮ ਤਹਿਤ 2100 ਰੁਪਏ ਦੇਣ ਦਾ ਐਲਾਨ ਕਰਕੇ ਵਾਅਦਾ ਪੂਰਾ ਕੀਤਾ ਹੈ, ਜਿਸ ਦੀ ਹਰ ਪਾਸਿਉਂ ਪ੍ਰਸੰਸਾ ਹੋ ਰਹੀ ਹੈ ਪਰ ਦੂਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਬਣੀ ਨੂੰ ਪੌਣੇ ਚਾਰ ਸਾਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪੰਜਾਬ ਦੀਆਂ ਔਰਤਾਂ ਨਾਲ ਕੀਤੇ 1000 ਰੁਪਏ ਦੇਣ ਦੇ ਵਾਅਦੇ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ। ਉਹਨਾਂ ਆਖਿਆ ਕਿ ਅੱਜ ਪੰਜਾਬ ਦੀਆਂ ਔਰਤਾਂ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੀਆਂ ਹਨ। ਮਨਵੀਰ ਰੰਗਾ ਨੇ ਆਖਿਆ ਕਿ ਘਰ-ਘਰ ’ਚ ਮਹਿੰਗਾਈ, ਬੇਰੁਜਗਾਰੀ ਅਤੇ ਭਿ੍ਰਸ਼ਟਾਚਾਰ ਨਾਲ ਲੋਕ ਤੰਗ ਹਨ, ਉਪਰੋ ਚੋਣ ਵਾਅਦੇ ਅਧੂਰੇ ਪਏ ਹਨ। ਔਰਤਾਂ ਨੂੰ ਆਰਥਿਕ ਸਹਾਰਾ ਦੇਣ ਦਾ ਜੋ ਸੁਪਨਾ ਵਿਖਾਇਆ ਗਿਆ ਸੀ, ਉਹ ਸਿਰਫ ਚੋਣ ਜੁਮਲਾ ਸਾਬਿਤ ਹੋਇਆ ਹੈ। ਇਕ ਭਾਜਪਾ ਸਰਕਾਰ ਹੈ ਜੋ ਆਪਣੇ ਵੱਲੋਂ ਕੀਤੇ ਗਏ ਹਰ ਇਕ ਵਾਅਦੇ ਨੂੰ ਪੂਰਾ ਕਰ ਰਹੀ ਹੈ। ਮਨਵੀਰ ਰੰਗਾ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਔਰਤਾਂ ਨੂੰ 2100 ਰੁਪਏ ਦੇਣਾ ਇਹ ਸਾਬਿਤ ਕਰਦੀ ਹੈ ਕਿ ਭਾਜਪਾ ਸਰਕਾਰ ਸਿਰਫ ਵਾਅਦੇ ਨਹੀਂ ਕਰਦੀ, ਬਲਕਿ ਉਹਨਾ ਨੂੰ ਪੂਰਾ ਕਰਨ ਦੀ ਜੁਰਅਤ ਰੱਖਦੀ ਹੈ। ਮਨਵੀਰ ਰੰਗਾ ਨੇ ਆਖਿਆ ਕਿ 1000 ਰੁਪਏ ਮਹੀਨਾ ਦੇਣ ਦਾ ਐਲਾਨ ਕਰਕੇ ਪਿਛਲਾ ਸਾਰਾ ਬਕਾਇਆ ਵੀ ਦੇਣ। ਇਸ ਤੋਂ ਇਲਾਵਾ ਹੋਰ ਵੀ ਆਪਣੇ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਜਿਸ ਵਿੱਚ ਇਕ ਹਜ਼ਾਰ ਰੁਪਏ ਮਹੀਨਾ ਮਹਿਲਾਵਾਂ ਲਈ ਵੱਡਾ ਵਾਅਦਾ ਸੀ। ਹੁਣ ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਹਨ? ਅਤੇ ਤੁਹਾਡੇ ਚੁਟਕਲੇ ਇਹਨਾਂ ਨੂੰ ਨਹੀਂ ਭਰਮਾ ਸਕਦੇ।