
ਕੋਟਕਪੂਰਾ/ਫਰੀਦਕੋਟ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਮਾਜਸੇਵੀ ਅਰਸ਼ ਸੱਚਰ ਨੇ ਫਰੀਦਕੋਟ ਦੀਆਂ ਦਾਣਾ ਮੰਡੀਆਂ ਵਿੱਚ ਮੀਂਹ ਨਾਲ ਭਿੱਜੀ ਹੋਈ ਫਸਲ ਦੇ ਹਾਲਾਤ ਵੇਖ ਕੇ ਕਿਹਾ ਕਿ ਇਹ ਸਾਰੀ ਸਥਿਤੀ ਜ਼ਿਲ੍ਹਾ ਅਤੇ ਮੰਡੀ ਅਧਿਕਾਰੀਆਂ ਦੀ ਗੰਭੀਰ ਲਾਪਰਵਾਹੀ ਦਾ ਨਤੀਜਾ ਹੈ। ਉਹਨਾਂ ਕਿਹਾ “ਸਰਕਾਰ ਵੱਲੋਂ ਸਾਰੇ ਪ੍ਰਬੰਧ ਕਰਨ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਗਏ ਸਨ, ਪਰ ਅਧਿਕਾਰੀਆਂ ਨੇ ਨਾ ਤਰਪਾਲ ਲਗਾਏ, ਨਾ ਡ੍ਰੇਨਜ ਬਣਾਇਆ ਤੇ ਨਾ ਹੀ ਕਿਸਾਨਾਂ ਲਈ ਬੁਨਿਆਦੀ ਸਹੂਲਤਾਂ ਦਿੱਤੀਆਂ। ਇਸ ਬੇਧਿਆਨੀ ਕਾਰਨ ਕਿਸਾਨਾਂ ਦੀ ਮਿਹਨਤ ਮੀਂਹ ਹੇਠਾਂ ਡੁੱਬ ਰਹੀ ਹੈ।” ਅਰਸ਼ ਸੱਚਰ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਜਾਂਚ ਬਿਠਾਉਣ, ਜ਼ਿੰਮੇਵਾਰ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਕਰਨ ਅਤੇ ਭਵਿੱਖ ਵਿੱਚ ਐਸਾ ਦੁਬਾਰਾ ਨਾ ਹੋਵੇ, ਇਸ ਲਈ ਨਿਗਰਾਨੀ ਟੀਮਾਂ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਪੰਜਾਬ ਦੀ ਤਾਕਤ ਹੈ, ਤੇ ਜੋ ਅਧਿਕਾਰੀ ਆਪਣੀ ਡਿਊਟੀ ਨਹੀਂ ਨਿਭਾਅ ਰਹੇ, ਉਹ ਕਿਸਾਨਾਂ ਦੇ ਸਭ ਤੋਂ ਵੱਡੇ ਦੋਸ਼ੀ ਹਨ।