ਫਰੀਦਕੋਟ 7 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆੰਣਵੀ ਜੀ ਦੀ ਪ੍ਰਧਾਨਗੀ ਹੇਠ ਮਿਤੀ 5 ਅਕਤੂਬਰ 2025 ਨੂੰ ਸਵੇਰੇ ਸਾਢੇ ਦਸ ਵਜੇ ਸਥਾਨਕ ਪੈਨਸ਼ਨਰਜ਼ ਭਵਨ ਨਜ਼ਦੀਕ ਹੁੱਕੀ ਚੌਕ ਫਰੀਦਕੋਟ ਵਿਖੇ ਹੋਈ। ਸਭ ਤੋਂ ਪਹਿਲਾਂ ਸਭਾ ਵੱਲੋਂ ਕੁਝ ਸ਼ੋਕ ਮਤੇ ਪਾਏ ਗਏ ਜਿਨ੍ਹਾਂ ਵਿੱਚ ਮਹਾਨ ਸੰਗੀਤਕਾਰ ਚਰਨਜੀਤ ਅਹੂਜਾ, ਹਿੰਦੀ ਤੇ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਕੀਰਤੀ ਕੇਸਰ, ਫਰੀਦਕੋਟ ਇਲਾਕੇ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਸ. ਜਗਜੀਤ ਸਿੰਘ ਬਰਾੜ ਐਡਵੋਕੇਟ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫ਼ਰੀਦਕੋਟ , ਅਜੀਤ ਅਖਬਾਰ ਫ਼ਰੀਦਕੋਟ ਦੇ ਪ੍ਰਸਿੱਧ ਪੱਤਰਕਾਰ ਹਰਮਿੰਦਰ ਮਿੰਦਾ ਦੇ ਪਿਤਾ ਇੰਦਰਜੀਤ ਸਿੰਘ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਦੇ ਪੋਤੇ ਮਹਿਤਾਬ ਸਿੰਘ ਬਰਾੜ ਅਮਰੀਕਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਭ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਇਆ ਗਿਆ। ਸਮੂਹ ਮੈਬਰਾਨ ਨੇ ਨਵਰਾਹੀ ਸਾਹਿਬ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ। ਉਪਰੰਤ ਸਾਰੇ ਲੇਖਕ ਸਾਹਿਬਾਨ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਆਪਣੀਆਂ ਰਚਨਾਵਾਂ, ਲੇਖ, ਕਹਾਣੀਆਂ, ਗੀਤ ਅਤੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਤੇ ਭਖਵੀ ਬਹਿਸ ਹੋਈ। ਹਾਜ਼ਰ ਲੇਖਕਾਂ ਵਿੱਚ ਪ੍ਰੋਫੈਸਰ ਪਾਲ ਸਿੰਘ , ਕਰਨਲ ਬਲਬੀਰ ਸਿੰਘ ਸਰਾਂ, ਨਵਰਾਹੀ ਘੁਗਿਆਣਵੀ , ਇਕਬਾਲ ਘਾਰੂ, ਵਤਨਵੀਰ ਸਿੰਘ ਜਖਮੀ, ਬਲਬੀਰ ਸਿੰਘ ਧੀਰ, ਧਰਮ ਪ੍ਰਵਾਨਾ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਸੁਰਿੰਦਰਪਾਲ ਸ਼ਰਮਾ ਭਲੂਰ, ਬਲਵੰਤ ਰਾਏ ਗੱਖੜ, ਗਿਆਨੀ ਮੁਖਤਿਆਰ ਸਿੰਘ ਵੰਗੜ, ਲਾਲ ਸਿੰਘ ਕਲਸੀ, ਜਗਦੀਪ ਹਸਰਤ , ਪਰਮਜੀਤ ਸਿੰਘ, ਸੁਖਦੇਵ ਸਿੰਘ ਮਚਾਕੀ , ਕੁਲਵਿੰਦਰ ਸਿੰਘ ਭਾਣਾ, ਇੰਦਰਜੀਤ ਸਿੰਘ ਖੀਵਾ, ਸਾਧੂ ਸਿੰਘ ਚਮੇਲੀ , ਰਾਮ ਪ੍ਰਤਾਪ ਅਗਨੀਹੋਤਰੀ ਆਦਿ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਲੇਖਕ ਇਕਬਾਲ ਘਾਰੂ ਨੇ ਨਿਭਾਈ।