ਰਵਾਇਤੀ ਜਸ਼ਨਾਂ ਦੀ ਥਾਵੇਂ ਤਰਕਸ਼ੀਲ ਜਾਦੂ ਸ਼ੋਅ ਅਤੇ ਕੋਰਿਓਗ੍ਰਾਫੀ ਬਣੇ ਖਿੱਚ ਦਾ ਕੇਂਦਰ
ਰੋਪੜ, 07 ਅਕਤੂਬਰ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
ਇੱਥੋਂ ਨੇੜਲੇ ਪਿੰਡ: ਮਾਜਰੀ ਠੇਕੇਦਾਰਾਂ ਵਿਖੇ ਤਰਕਸ਼ੀਲ ਆਗੂ ਜਸਪਾਲ ਮਾਜਰੀ ਅਤੇ ਉਹਨਾਂ ਦੇ ਪਰਿਵਾਰ ਨੇ ਰਵਾਇਤੀ ਜਸ਼ਨਾਂ ਦੇ ਬਦਲ ਵਜੋਂ ਧੀ ਰਾਣੀ ਮਨਦੀਪ ਕੌਰ ਦੇ ਵਿਆਹ (ਮੇਲ਼) ਮੌਕੇ ਤਰਕਸ਼ੀਲ ਨਜ਼ਰੀਏ ਅਨੁਸਾਰ ਵਿਗਿਆਨਕ ਪ੍ਰੋਗਰਾਮ ਕਰਵਾਇਆ। ਜਿਸ ਦੌਰਾਨ ਇਕਾਈ ਰੋਪੜ ਦੇ ਸੱਭਿਆਚਾਰਕ ਵਿਭਾਗ ਮੁਖੀ ਹਰਨੇਕ ਚੱਕ ਕਰਮਾਂ ਅਤੇ ਜਥੇਬੰਦਕ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਸਦੀਆਂ ਪੁਰਾਣੇ ਰਸਮੋ-ਰਿਵਾਜ਼, ਜਿਨ੍ਹਾਂ ਦਾ ਮਨੁੱਖੀ ਜ਼ਿੰਦਗੀ ਨਾਲ ਕੋਈ ਵਾਹ ਵਾਸਤਾ ਨਹੀ ਹੈ, ਨੂੰ ਬਿਨਾ ਸੋਚੇ ਸਮਝੇ/ਅੱਖਾਂ ਬੰਦ ਕਰਕੇ ਅਪਣਾਈ ਜਾਣਾ ਸਿਆਣਪ ਨਹੀ ਹੈ। ਮਾਨਸਿਕ ਵਿਭਾਗ ਮੁਖੀ ਅਮਰਨਾਥ ਨੇ ਪਾਖੰਡੀ ਸਾਧਾਂ ਸੰਤਾ ਵੱਲੋ ਝੂਠੇ ਨਰਕ ਸਵਰਗ ਦੇ ਸੋਹਲੇ ਸੁਣਾਕੇ ਲੋਕਾਂ ਨੂੰ ਮੱਕੜਜਾਲ ਵਿੱਚ ਫਸਾ ਕੇ ਇਨਸਾਨ ਦੀ ਸੋਚਣ ਸਕਤੀ ਨੂੰ ਖੋਖਲਾ ਕਰਨ ਪ੍ਤੀ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਸਮੇ ਦੇ ਹਾਣੀ ਬਣੋ, ਚੰਗਾ ਸਹਿਤ ਪੜ੍ਹੋ, ਤਰਕਸ਼ੀਲ ਨਜ਼ਰੀਏ ਅਨੁਸਾਰ ਬਿਨਾਂ ਕਿਸੇ ਡਰ ਤੋ ਜ਼ਿੰਦਗੀ ਦਾ ਆਨੰਦ ਮਾਣੋ। ਪ੍ਰਸਿੱਧ ਤਰਕਸ਼ੀਲ ਜਾਦੂਗਰ ਜਗਦੇਵ ਕੰਮੋਮਾਜਰਾ ਵੱਲੋ ਜਾਦੂ ਦੇ ਬਾਕਮਾਲ ਟ੍ਰਿਕ ਪੇਸ਼ ਕੀਤੇ ਗਏ। ਜਿੰਨ੍ਹਾਂ ਦਾ ਦਰਸ਼ਕਾਂ ਨੇ ਖੂਬ ਉਤਸੁਕਤਾ ਨਾਲ਼ ਆਨੰਦ ਮਾਣਿਆ। ਸੋਨਮ ਪ੍ਰੀਤ ਕੌਰ ਵੱਲੋ ਕੋਰੀਓਗ੍ਰਾਫੀ ਪੇਸ਼ ਕੀਤੀ ਅਤੇ ਨੰਨ੍ਹੀ ਬੱਚੀ ਜਸਪ੍ਰੀਤ ਕੌਰ ਨੇ ‘ਧੀਆਂ ਹੁੰਦੀਆ ਵੇ ਬਾਬਲਾ ਪਰਾਈਆਂ’ ਨਾਲ਼ ਮਾਹੌਲ ਭਾਵੁਕ ਕਰ ਦਿੱਤਾ। ਲਾੜੀ ਮਨਦੀਪ ਕੌਰ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੈਨੂੰ ਆਪਣੇ ਮਾਂ-ਬਾਪ ਉੱਤੇ ਬਹੁਤ ਜਿਆਦਾ ਮਾਣ ਹੈ। ਜਿਨ੍ਹਾਂ ਦੀ ਤਰਕਸ਼ੀਲ ਸੋਚ ਬਦੌਲਤ ਸਮਾਜ ਵਿੱਚ ਅਸੀ ਸਿਰ ਉੱਚਾ ਕਰਕੇ ਤੁਰਨ ਦੇ ਕਾਬਲ ਹੋਏ। ਜਸਪਾਲ ਮਾਜਰੀ ਨੇ ਹਾਜ਼ਰ ਪਿੰਡ ਵਾਸੀਆਂ, ਰਿਸ਼ਤੇਦਾਰਾ ਦਾ ਧੰਨਵਾਦ ਕੀਤਾ। ਇਸ ਮੌਕੇ ਤਰਕਸ਼ੀਲ ਕਾਰਕੁੰਨ ਪਵਨ ਰੱਤੋ ਅਤੇ ਹੋਰ ਮੋਹਤਬਰ ਸੱਜਣ ਹਾਜ਼ਰ ਸਨ।