ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਲੋਕ ਸਾਹਿਤ ਸੰਗਮ, ਰਾਜਪੁਰਾ ਦੇ ਸਹਿਯੋਗ ਨਾਲ ਸਥਾਨਕ ਰੋਟਰੀ ਕਲੱਬ ਵਿੱਚ ਪ੍ਰਭਾਵਸ਼ਾਲੀ ਸੰਵਾਦ ਦਾ ਆਯੋਜਨ ਕੀਤਾ ਗਿਆ। ਆਰੰਭ ਵਿੱਚ ਲੋਕ ਸਾਹਿਤ ਸੰਗਮ (ਰਜਿ.) ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਅਕਾਡਮੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਭ ਨੂੰ ਜੀ ਆਇਆਂ ਕਹਿੰਦਿਆਂ ਸੰਵਾਦ ਦਾ ਕੇਂਦਰ ਬਣੀ ਡਾ. ਦੇਵਿੰਦਰ ਸੈਫ਼ੀ ਦੀ ਪੁਸਤਕ “ਮੁਹੱਬਤ ਨੇ ਕਿਹਾ” ਬਾਰੇ ਮੁੱਢਲੀ ਜਾਣ-ਪਛਾਣ ਕਰਵਾਈ। ਪੁਸਤਕ ਉੱਪਰ ਚਰਚਾ ਤੋਂ ਪਹਿਲਾਂ ਰੌਚਕ ਕਾਵਿ-ਮਹਿਫ਼ਲ ਚੱਲੀ। ਉਪਰੰਤ ਮੁਹੱਬਤ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਨੁਕਤੇ ਸਾਂਝੇ ਕਰਦਿਆਂ ਡਾ. ਸੈਫ਼ੀ ਨੇ ਪ੍ਰਭਾਵਸ਼ਾਲੀ ਰਚਨਾਵਾਂ ਨਾਲ ਸਾਂਝ ਪੁਆ ਕੇ ਭਰਪੂਰ ਦਾਦ ਖੱਟੀ। ਪੁਸਤਕ ਉਪਰ ਪਹਿਲਾ ਖੋਜ – ਪੱਤਰ ਪੇਸ਼ ਕਰਦਿਆਂ ਡਾ. ਸੰਤੋਖ ਸੁੱਖੀ ਨੇ ਕਿਹਾ ” ਸੈਫ਼ੀ ਨੇ ਇਸ ਨਵੀਂ ਪੁਸਤਕ ਰਾਹੀਂ ਮਨੁੱਖੀ ਜ਼ਿੰਦਗੀ ਦੇ ਮਹਾਨ ਵਿਚਾਰ, ਸਹਿਜ ਤੇ ਸੁਹਜ ਲਈ ਅਨੂਠਾ ਸੰਵਾਦ ਸਿਰਜਿਆ ਹੈ। ਮੁਹੱਬਤ ਦੇ ਵਿਸ਼ੇ ਰਾਹੀਂ ਮਾਈਕਰੋ ਸਟੱਡੀ ਤਕ ਲੈ ਕੇ ਜਾਣ ਵਾਲੀ ਇਹ ਕਵਿਤਾ ਆਪਣੇ ਦੌਰ ਵਿੱਚ ਕ੍ਰਾਂਤੀਕਾਰੀ ਹਸਤਾਖ਼ਰ ਕਰਦੀ ਹੈ। ਪੁਸਤਕ ਵਿੱਚ ਪ੍ਰੀਤ – ਪਾਤਰ ਰਾਹੀਂ ਅਜਿਹਾ ਦਰਸ਼ਨ ਪੇਸ਼ ਕੀਤਾ ਹੈ ਜਿਹੜਾ ਅਖੌਤੀ ਸਮਾਜਿਕਤਾ ਅਤੇ ਸੌੜੀਆਂ ਨੀਤੀਆਂ ਦੇ ਖ਼ਿਲਾਫ਼ ਮਹਾਨ ਵਿਚਾਰ ਲਈ ਡਟ ਜਾਂਦਾ ਹੈ। ਇਹ ਵਿਚਾਰ ਸਵੈ ਦੇ ਨਿਰਮਾਣ ਵਿੱਚੋਂ ਭੇਖ ਨੂੰ ਖ਼ਤਮ ਕਰਦਾ ਲੋਕਾਈ ਦੇ ਵਰਤਾਰਿਆਂ ਅੰਦਰਲੇ ਸੱਚ ਨੂੰ ਫਰੋਲਦਾ ਹੈ। ਪੁਸਤਕ ਉੱਪਰ ਦੂਜਾ ਖੋਜ-ਪੱਤਰ ਪੰਜਾਬੀ ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫ਼ੈਸਰ ਖੋਜਕਾਰ ਡਾ. ਮੋਹਨ ਤਿਆਗੀ ਨੇ ਪੇਸ਼ ਕੀਤਾ। ਉਹਨਾਂ ਕਿਹਾ ਕਿ ਡਾ. ਸੈਫ਼ੀ ਦੀ ਮੌਲਿਕਤਾ, ਇਮਾਨਦਾਰੀ ਤੇ ਨਿਰੰਤਰ ਸੁਹਿਰਦਤਾ ਭਰੀ ਮਿਹਨਤ ਨੇ ਅੰਤਰ ਰਾਸ਼ਟਰੀ ਪੱਧਰ ਉੱਪਰ ਆਪਣਾ ਮੁੱਲ ਜਣਵਾਇਆ ਹੈ। ਉਸਦੀ ਇਹ ਨਵੀਂ ਪੁਸਤਕ ਉਸਦੇ ਇਕਾਗਰ ਚਿੱਤ, ਦਾਰਸ਼ਨਿਕ ਬੋਧ, ਸਮਾਜ-ਚਿੰਤਨ ਅਤੇ ਕਾਵਿਕ ਪੱਖ ਤੋਂ ਨਵੇਂ ਅੰਦਾਜ਼ ਦਾ ਦਸਤਾਵੇਜ ਹੈ। “ਡਾ.ਤਿਆਗੀ ਨੇ ਪੱਛਮੀ ਚਿੰਤਨ, ਸਾਹਿਤ ਅਤੇ ਪੂਰਬੀ ਗਿਆਨ ਦੇ ਵੱਖ ਵੱਖ ਪੜਾਵਾਂ ਦੇ ਹਵਾਲੇ ਨਾਲ “ਮੁਹੱਬਤ ਨੇ ਕਿਹਾ” ਵਿਚਲੀ ਕਵਿਤਾ ਦੇ ਰੂਪ, ਦਰਸ਼ਨ ਅਤੇ ਸੁਭਾਅ ਦੀ ਵਿਲੱਖਣਤਾ ਦੀਆਂ ਤਹਿਆਂ ਨੂੰ ਇਤਿਹਾਸਕ, ਮਿਥਿਹਾਸਕ ਪੱਖਾਂ ਤੋਂ ਫਰੋਲਿਆ। ਉਹਨਾਂ ਨੇ ਫ਼ਿਲਾਸਫ਼ੀ, ਸੁਹਜ ਅਤੇ ਅਤੇ ਪੰਜਾਬੀ ਲੋਕਧਾਰਾ ਦੀ ਸੰਜੁਗਤ ਸਥਿਤੀ ਨੂੰ ਇਸ ਕਵਿਤਾ ਦੀ ਵੱਡੀ ਖ਼ੂਬਸੂਰਤੀ ਐਲਾਨਿਆ। ਸਾਹਿਤ ਅਕਾਡਮੀ ਦੀ ਨੁਮਾਇੰਦਗੀ ਕਰਨ ਲਈ ਉਚੇਚੇ ਤੌਰ ‘ਤੇ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ ਉੱਘੇ ਨਾਟਕਕਾਰ ਅਤੇ ਸ਼ਾਇਰ ਸ਼ਬਦੀਸ਼ ਨੇ ਕਿਹਾ ਕਿ ਇਸ ਕਵਿਤਾ ਵਿਚਲਾ ਡਾਇਲਾਗ ਅਚੰਭਿਤ ਕਰਨ ਵਾਲਾ ਹੈ। ਇਸ ਵਿੱਚੋਂ ਗੁਜ਼ਰਦਿਆਂ ਪਾਠਕ ਕਿਸੇ ਹੋਰ ਦੁਨੀਆਂ ਵਿੱਚ ਚਲਾ ਜਾਂਦਾ ਹੈ। ਉਹਨਾਂ ਕਿਹਾ ਕਿ ਸਭ ਤੋਂ ਉੱਤਮ ਗੱਲ ਇਹ ਹੈ ਕਿ ਸੈਫ਼ੀ ਭਾਵੇਂ ਆਲੋਚਨਾ ਦੇ ਖੇਤਰ ਵਿੱਚ ਵੀ ਲਗਾਤਾਰ ਕੰਮ ਕਰ ਰਿਹਾ ਹੈ ਪਰ ਕਵਿਤਾ ਦੇ ਸੁਹਜ ਉੱਪਰ ਆਲੋਚਨਾ ਦੀ ਭਾਸ਼ਾ ਦਾ ਅਸਰ ਨਹੀਂ ਪੈਣ ਦਿੰਦਾ। ਪੁਸਤਕ ਪੜ੍ਹਨ ਵੇਲੇ ਪਾਠਕ ਕਿਧਰੇ ਵੀ ਖੰਡਤ ਨਹੀਂ ਹੁੰਦਾ। ਏਨੀ ਮਿਹਨਤ ਅਤੇ ਇਕਾਗਰਤਾ ਵਾਲੀਆਂ ਪੁਸਤਕਾਂ ਬਹੁਤ ਘੱਟ ਮਿਲਦੀਆਂ ਹਨ। “ਸਾਹਿਤ ਅਕਾਡਮੀ ਲੁਧਿਆਣਾ ਤਰਫ਼ੋਂ ਹੀ ਵਿਸ਼ੇਸ਼ ਪ੍ਰਤੀਨਿਧ ਦੇ ਤੌਰ ‘ ਤੇ ਪਹੁੰਚੇ ਨਾਟਕਕਾਰ, ਰੰਗਕਰਮੀ ਸੰਜੀਵਨ ਨੇ ਸੈਫ਼ੀ ਦੀਆਂ ਕੁੱਝ ਕਵਿਤਾਵਾਂ ਅਤੇ ਪੁਸਤਕ – ਭੂਮਿਕਾ ਦੇ ਹਵਾਲੇ ਨਾਲ ਪੁਸਤਕ ਵਿੱਚ ਮੁਹੱਬਤ ਦੇ ਨੁਕਤੇ ਤੋਂ ਪੈਦਾ ਹੋ ਰਹੇ ਨਵੇਂ ਜਲਵੇ ਦੀ ਸਲਾਹੁਤਾ ਕੀਤੀ। ਆਪਣੇ ਸੰਬੋਧਨ ਦੌਰਾਨ ਉਹਨਾਂ ਨੇ ਡਾ. ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਾਹਿਤ ਅਕਾਡਮੀ ਦੁਆਰਾ ਰੱਖੇ ਗਏ ਏਜੰਡਿਆਂ ਅਤੇ ਕੀਤੇ ਜਾ ਰਹੇ ਵਿਸ਼ੇਸ਼ ਸਾਹਿਤਕ ਕਾਰਜਾਂ ਬਾਰੇ ਵੀ ਜਾਣੂ ਕਰਵਾਇਆ। ਧੰਨਵਾਦੀ ਸ਼ਬਦ ਬੋਲਦਿਆਂ ਡਾਕਟਰ ਅਮਨ ਨੇ ਕਿਹਾ ਕਿ ਅਕਾਡਮੀ ਦੁਆਰਾ ਸਾਡੀ ਸਭਾ ਰਾਹੀਂ ਡਾ. ਸੈਫ਼ੀ ਦੀ ਪੁਸਤਕ “ਮੁਹੱਬਤ ਨੇ ਕਿਹਾ” ਬਾਰੇ ਪ੍ਰੋਗਰਾਮ ਰੱਖ ਕੇ ਸਾਡੇ ਉੱਪਰ ਬਹੁਤ ਵੱਡਾ ਅਹਿਸਾਨ ਕੀਤਾ ਹੈ ਇਸ ਨਾਲ ਸਾਡੇ ਇਲਾਕੇ ਦੇ ਸ਼ਾਇਰਾਂ ਅਤੇ ਸਰੋਤਿਆਂ ਨੂੰ ਵੱਖਰੀ ਤਰ੍ਹਾਂ ਦਾ ਹੁਲਾਰਾ ਮਿਲਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬੀ ਕਵਿਤਾ ਕਿੱਥੋਂ ਤੱਕ ਪਹੁੰਚ ਚੁੱਕੀ ਹੈ। ਉਹਨਾਂ ਨੇ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੀ ਦਿਸ਼ਾ ਨਿਰਦੇਸ਼ਨਾ ਅਤੇ ਉਚੇਚੇ ਤੌਰ ‘ਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸਟੇਜ ਸੰਚਾਲਨ ਬਲਦੇਵ ਸਿੰਘ ਨੇ ਕੀਤਾ। ਸਭਾ ਦੇ ਸਕੱਤਰ ਸੁਰਿੰਦਰ ਸੋਹਨਾ ਨੇ ਸਭਾ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਦੱਸਿਆ।