ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਜੈਤੋ ਤੋਂ ਭਾਰਤੀ ਜਨਤਾ ਪਾਰਟੀ ਦੇ ਉਭਰਦੇ ਆਗੂ ਡਾ. ਰਮਨਦੀਪ ਸਿੰਘ ਜੈਤੋ ਨੇ ਬੀਤੇ ਦਿਨ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਸ਼੍ਰੀ ਸੰਜੇ ਸੇਠ ਜੀ ਨਾਲ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿਵਾਸ ਸਥਾਨ ‘ਤੇ ਖ਼ਾਸ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਡਾ. ਰਮਨਦੀਪ ਸਿੰਘ ਨੇ ਸੰਜੇ ਸੇਠ ਜੀ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਸਰੂਪ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਪੰਜਾਬ ਦੀ ਧਰਤੀ ‘ਤੇ ਤਹਿ-ਦਿਲੋਂ ਸਵਾਗਤ ਕੀਤਾ। ਡਾ. ਰਮਨਦੀਪ ਨੇ ਕਿਹਾ ਕਿ ਡਾ. ਅੰਬੇਦਕਰ ਜੀ ਦੇ ਵਿਚਾਰ ਤੇ ਸਿੱਖਿਆ ਅੱਜ ਦੇ ਸਮੇਂ ਵਿੱਚ ਸਮਾਜਕ ਨਿਆਂ ਅਤੇ ਸਮਾਨਤਾ ਲਈ ਪ੍ਰੇਰਣਾਦਾਇਕ ਹਨ। ਕੇਂਦਰੀ ਮੰਤਰੀ ਸੰਜੇ ਸੇਠ ਨੇ ਪੰਜਾਬ ਦੇ ਹੜਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਚੱਲ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾ ਵਿਸ਼ਵਾਸ ਦਿਵਾਇਆ ਕਿ ਕੇਂਦਰ ਸਰਕਾਰ ਇਸ ਔਖੀ ਘੜੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਇਸ ਮੌਕੇ ਦੋਵਾਂ ਆਗੂਆਂ ਵਿਚਕਾਰ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਕਈ ਮਹੱਤਵਪੂਰਣ ਮਸਲਿਆਂ ‘ਤੇ ਵਿਚਾਰ-ਚਰਚਾ ਹੋਈ। ਸੰਜੇ ਸੇਠ ਜੀ ਨੇ ਡਾ. ਰਮਨਦੀਪ ਸਿੰਘ ਦੇ ਲੋਕ ਹਿੱਤਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ, ਖੇਤੀਬਾੜੀ ਨਾਲ ਜੁੜੇ ਨਵੇਂ ਪ੍ਰੋਜੈਕਟ ਅਤੇ ਇਨਫਰਾਸਟ੍ਰਕਚਰ ਦੇ ਵਿਕਾਸ ਰਾਹੀਂ ਪੰਜਾਬ ਨੂੰ ਨਵੇਂ ਪੱਧਰ ‘ਤੇ ਲਿਜਾਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਵੀ ਹਾਜ਼ਰ ਸਨ। ਇਸ ਮੁਲਾਕਾਤ ਨੂੰ ਦੋਵਾਂ ਆਗੂਆਂ ਵਿਚਕਾਰ ਰਾਜਨੀਤਿਕ ਸਮਰਪਣ ਅਤੇ ਸਾਂਝੇ ਸਹਿਯੋਗ ਦੀ ਇੱਕ ਮਹੱਤਵਪੂਰਣ ਕੜੀ ਵਜੋਂ ਦੇਖਿਆ ਜਾ ਰਿਹਾ ਹੈ।