ਅਜ਼ਾਦੀ ਦੇ 78 ਸਾਲ ਬਾਅਦ ਵੀ ਦੇਸ਼ ਭਗਤਾਂ ਦੇ ਸੁਪਨੇ ਅਧੂਰੇ : ਕੌਸ਼ਲ

ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦੇਸ਼ ਨੂੰ ਬਰਤਾਨਵੀ ਸਾਮਰਾਜ ਤੋਂ ਅਜ਼ਾਦੀ ਹਾਸਲ ਕੀਤੇ ਭਾਵੇਂ ਪੌਣੀ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਦੇਸ਼ ਭਗਤਾਂ ਦੇ ਇਕ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦੀ ਸਥਾਪਨਾ ਦੇ ਸੁਪਨੇ ਅਜੇ ਪੂਰੇ ਨਹੀ ਹੋਏ, ਜਿੰਨਾਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਹੁਣ ਨੌਜਵਾਨਾਂ ਅਤੇ ਵਿਦਿਆਰਥੀਆਂ ਸਿਰ ਹੈ।’ ਇਹ ਸ਼ਬਦ ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਦੇ ਪ੍ਰਧਾਨ ਅਸ਼ੋਕ ਕੌਸ਼ਲ ਨੇ ਸਰਕਾਰੀ ਹਾਈ ਸਕੂਲ ਔਲਖ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਹੇ। ਇਹ ਸਮਾਰੋਹ ਔਲਖ ਵਾਸੀ ਸਵਰਨ ਸਿੰਘ ਕੈਨੇਡਾ ਨੇ ਆਪਣੇ ਸਵਰਗਵਾਸੀ ਮਾਤਾ-ਪਿਤਾ ਦੀ ਯਾਦ ਵਿੱਚ ਕਰਵਾਇਆ। ਸਮਾਗਮ ਨੂੰ ਸੁਸਾਇਟੀ ਦੇ ਅਹੁਦੇਦਾਰਾਂ ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਮਨਦੀਪ ਸਿੰਘ ਗਿੱਲ, ਇਕਬਾਲ ਸਿੰਘ ਮੰਘੇੜਾ ਅਤੇ ਸਮਾਜ ਸੇਵੀ ਅਮਰ ਸਿੰਘ ਮਠਾੜੂ ਨੇ ਵੀ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਹੁਣ ਤੋਂ ਹੀ ਚੰਗੀ ਸੋਚ ਨਾਲ ਜੁੜ ਕੇ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਾਰੀਆਂ ਜਮਾਤਾਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੈ ਕੇ ਪਾਸ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਸਟੇਸ਼ਨਰੀ ਆਦਿ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਪੰਜਵੀਂ, ਅੱਠਵੀਂ ਅਤੇ ਦਸਵੀਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸਵਰਨ ਸਿੰਘ ਵੱਲੋਂ ਨਕਦ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸਕੂਲ ਦੀ ਸਾਬਕਾ ਅਧਿਆਪਕਾ ਅੰਗਰੇਜ਼ ਕੌਰ ਨੇ ਵੀ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਣ ਲਈ 5100/ ਰੁਪਏ ਦਿੱਤੇ ਅਤੇ ਉਹਨਾਂ ਤੋਂ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਪ੍ਰਣ ਲਿਆ। ਅੰਤ ਵਿੱਚ ਸਕੂਲ ਦੇ ਮੁੱਖ ਅਧਿਆਪਕ ਜਗਜੀਵਨ ਸਿੰਘ ਨੇ ਮੁੱਖ ਮਹਿਮਾਨ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਗੁਰਚਰਨ ਕੌਰ, ਹਰਜਿੰਦਰ ਕੌਰ ਸਮੇਤ ਸਾਰਾ ਸਟਾਫ ਹਾਜਰ ਸੀ।