ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਟੈਲੈਂਟ ਹੰਟ ਮੁਕਾਬਲਾ ਆਯੋਜਿਤ


ਮਾਨਸਾ 10 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਵਿਦਿਆਰਥੀਆਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਉਭਾਰਨ ਅਤੇ ਉਹਨਾਂ ਨੂੰ ਮੰਚ ਪ੍ਰਦਾਨ ਕਰਨ ਲਈ ਟੈਲੈਂਟ ਹੰਟ ਮੁਕਾਬਲਾ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਹਰਦੀਪ ਸਿੰਘ ਨੇ ਕਿਹਾ ਕਿ ਅਜਿਹੇ ਪ੍ਰਤਿਭਾ ਖੋਜ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਇਹ ਵਿਦਿਆਰਥੀਆਂ ਨੂੰ ਆਪਣੇ ਅੰਦਰ ਦੀ ਕਲਾ, ਰਚਨਾਤਮਕਤਾ ਅਤੇ ਆਤਮਵਿਸ਼ਵਾਸ ਨੂੰ ਪ੍ਰਗਟ ਕਰਨ ਦਾ ਸੁਨਹਿਰਾ ਮੌਕਾ ਦਿੰਦੇ ਹਨ।
ਉਹਨਾਂ ਕਿਹਾ ਕਿ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵੀ ਵਿਦਿਆਰਥੀਆਂ ਨੂੰ ਪੂਰਨ ਵਿਅਕਤੀਤਵ ਦੇਣ ਵਿੱਚ ਮਦਦਗਾਰ ਹੁੰਦੀਆਂ ਹਨ। ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਸੰਚਾਰਕ ਹੁਨਰ, ਸਮਾਂ ਪ੍ਰਬੰਧਨ ਅਤੇ ਟੀਮਸਪਿਰਿਟ ਜਿਹੇ ਜੀਵਨ-ਮੁੱਲ ਪੈਦਾ ਕਰਦੇ ਹਨ। ਡਾ. ਹਰਦੀਪ ਸਿੰਘ ਨੇ ਇਹ ਵੀ ਕਿਹਾ ਕਿ ਕਾਲਜ ਦਾ ਮੰਤਵ ਸਿਰਫ਼ ਵਿਦਿਆਰਥੀਆਂ ਨੂੰ ਡਿਗਰੀ ਤੱਕ ਸੀਮਿਤ ਨਹੀਂ ਰੱਖਣਾ, ਸਗੋਂ ਉਹਨਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਸਫਲ ਬਣਾਉਣਾ ਹੈ।
ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਅੰਦਰ ਕੋਈ ਨਾ ਕੋਈ ਵਿਲੱਖਣ ਪ੍ਰਤਿਭਾ ਹੁੰਦੀ ਹੈ, ਜਿਹਨੂੰ ਪਹਿਚਾਣ ਕੇ ਅੱਗੇ ਵਧਾਉਣਾ ਸਫਲਤਾ ਦੀ ਪਹਿਲੀ ਪੌੜੀ ਹੁੰਦੀ ਹੈ। ਡਾ. ਹਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਭਵਿੱਖ ਵਿੱਚ ਅਜਿਹੇ ਸਮਾਗਮ ਹੋਰ ਵੱਡੇ ਪੱਧਰ ‘ਤੇ ਕਰਵਾਏ ਜਾਣਗੇ, ਤਾਂ ਜੋ ਕਾਲਜ ਦਾ ਮਾਨ-ਸਨਮਾਨ ਹੋਰ ਉੱਚਾਈਆਂ ਨੂੰ ਛੂਹ ਸਕੇ ਅਤੇ ਵਿਦਿਆਰਥੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਰ ਸਕਣ।
ਮੁਕਾਬਲਿਆਂ ਦੀ ਸ਼ੁਰੂਆਤ ਕਲਾਸੀਕਲ ਡਾਂਸ ਨਾਲ ਹੋਈ, ਜਿਸ ਨੇ ਸਾਰੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਵੱਖ-ਵੱਖ ਪ੍ਰਤਿਯੋਗਿਤਾਵਾਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਰੋਸ਼ੀਆ ਮੁਕਾਬਲੇ ਵਿੱਚ ਜਸਪ੍ਰੀਤ ਕੌਰ, ਪੀੜੀ ਬੁਣਨ ਵਿੱਚ ਸੁਖਵਿੰਦਰ ਕੌਰ, ਰੰਗੋਲੀ ਵਿੱਚ ਰੇਖਾ ਅਤੇ ਜਸ਼ਨਪ੍ਰੀਤ ਕੌਰ, ਮਿੱਟੀ ਦੇ ਖਿਡੌਣੇ ਮੁਕਾਬਲੇ ਵਿੱਚ ਜਸਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਨੇ ਮੱਲਾ ਮਾਰੀਆਂ।
ਇਸੇ ਤਰ੍ਹਾਂ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਾਹਿਬ ਕਵਨਪ੍ਰੀਤ ਸਿੰਘ ਭਾਟੀਆ ਤੇ ਹਰਮੀਤ ਸਿੰਘ ਨੇ ਪ੍ਰਤਿਭਾ ਦਿਖਾਈ। ਮਹਿੰਦੀ ਮੁਕਾਬਲੇ ਵਿੱਚ ਕਿਰਨਜੀਤ ਕੌਰ ਅਤੇ ਪ੍ਰਭਜੋਤ ਕੌਰ, ਗੁੱਡੀ ਬਣਾਉਣ ਵਿੱਚ ਜੋਤੀ ਕੌਰ, ਤੇ ਕਾਰਟੂਨਿੰਗ ਮੁਕਾਬਲੇ ਵਿੱਚ ਈਸ਼ਾ ਅਤੇ ਜਾਨਵੀ ਨੇ ਸਾਰਿਆਂ ਦਾ ਧਿਆਨ ਖਿੱਚਿਆ।
ਸਿਮਰਜੀਤ ਸਿੰਘ ਨੇ “ਨਾਰੀ ਸਸ਼ਕਤੀਕਰਨ” ਵਿਸ਼ੇ ‘ਤੇ ਭਾਸ਼ਣ ਦਿੰਦਿਆਂ ਦਰਸ਼ਕਾਂ ਦੇ ਰੌਂਗਟੇ ਖੜੇ ਕਰ ਦਿੱਤੇ। ਉਹਨਾਂ ਨੇ ਔਰਤਾਂ ਦੀ ਸ਼ਕਤੀ, ਸਹਿਨਸ਼ੀਲਤਾ ਅਤੇ ਸਮਾਜ ਨਿਰਮਾਣ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸੁਖਪ੍ਰੀਤ ਕੌਰ ਵੱਲੋਂ “ਗੁੱਡੀ ਫੂਕਣਾ” ਨਾਮਕ ਕਵਿਤਾ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੇ ਸਭਨਾਂ ਦਾ ਦਿਲ ਜਿੱਤ ਲਿਆ।
ਸਮਾਗਮ ਦੌਰਾਨ ਡਾ. ਸੀਮਾ ਜਿੰਦਲ ਦੁਆਰਾ ਰਚਿਤ ਪੁਸਤਕ “ਰੂਹਾਨੀ ਦਸਤਕ” ਦੀਆਂ 30 ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦਾ ਘੁੰਡ ਚੁਕਾਈ ਸਮਾਰੋਹ ਵੀ ਕੀਤਾ ਗਿਆ। ਉਨ੍ਹਾਂ ਦੇ ਰਚਨਾਤਮਕ ਯੋਗਦਾਨ ਦੀ ਸਰਾਹਨਾ ਕੀਤੀ ਗਈ ਤੇ ਕਾਲਜ ਪਰਿਵਾਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਮੰਚ ਸੰਚਾਲਨ ਯੂਥ ਕੋਆਰਡੀਨੇਟਰ ਡਾ. ਜਸਪ੍ਰੀਤ ਕੌਰ ਸੰਧੂ ਨੇ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਬੇਅੰਤ ਪ੍ਰਤਿਭਾ ਛੁਪੀ ਹੋਈ ਹੈ, ਸਿਰਫ਼ ਮੌਕਿਆਂ ਦੀ ਲੋੜ ਹੈ। ਜੇ ਉਹਨਾਂ ਨੂੰ ਸਹੀ ਸਮੇਂ ਤੇ ਮੌਕੇ ਮਿਲ ਜਾਣ, ਤਾਂ ਉਹ ਜ਼ਿੰਦਗੀ ਵਿੱਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਨ।
ਡਾ. ਸੁਪਨਦੀਪ ਕੌਰ ਅਤੇ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਨਹਿਰੂ ਕਾਲਜ ਦਾ ਹਮੇਸ਼ਾਂ ਸੱਭਿਆਚਾਰਕ ਖੇਤਰ ਵਿੱਚ ਉੱਚਾ ਨਾਮ ਰਿਹਾ ਹੈ। ਉਹਨਾਂ ਨੇ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਖੇਤਰੀ ਯੁਵਕ ਮੇਲਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਦੀ ਤੂਤੀ ਬੋਲਦੀ ਸੀ ਅਤੇ ਹਰ ਵਾਰ ਉਹ ਇਨਾਮ ਹਾਸਲ ਕਰਕੇ ਕਾਲਜ ਦਾ ਮਾਣ ਵਧਾਉਂਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਕਾਲਜ ਨੇ ਕਈ ਪ੍ਰਸਿੱਧ ਕਲਾਕਾਰ, ਅਧਿਆਪਕ ਅਤੇ ਵਿਦਵਾਨ ਤਿਆਰ ਕੀਤੇ ਹਨ ਜੋ ਅੱਜ ਵੱਖ-ਵੱਖ ਖੇਤਰਾਂ ਵਿੱਚ ਆਪਣਾ ਲੋਹਾ ਮਨਵਾ ਰਹੇ ਹਨ। ਡਾ. ਰਵਿੰਦਰ ਸਿੰਘ ਨੇ ਜੋੜਿਆ ਕਿ ਕਾਲਜ ਪ੍ਰਬੰਧਨ ਦੀ ਸਕਾਰਾਤਮਕ ਸੋਚ ਤੇ ਪ੍ਰਿੰਸੀਪਲ ਡਾ. ਹਰਦੀਪ ਸਿੰਘ ਦੀ ਅਗਵਾਈ ਹੇਠ ਕਾਲਜ ਫਿਰ ਇੱਕ ਵਾਰ ਸੱਭਿਆਚਾਰਕ ਖੇਤਰ ਵਿੱਚ ਨਵੇਂ ਮਾਪਦੰਡ ਸੈੱਟ ਕਰ ਰਿਹਾ ਹੈ।
ਇਸ ਸਮਾਗਮ ਵਿੱਚ ਡਾ. ਜਸਕਰਨ ਸਿੰਘ, ਪ੍ਰੋ. ਸੁਖਦੀਪ ਸਿੰਘ, ਡਾ. ਸੀਮਾ ਜਿੰਦਲ, ਡਾ. ਅਵਿਨਾਸ਼ ਕੁਮਾਰ, ਪ੍ਰੋ. ਅੰਬੇਸ਼ ਭਾਰਦਵਾਜ, ਡਾ. ਅਜਮੀਤ ਕੌਰ, ਪ੍ਰੋ. ਕੁਲਦੀਪ ਸਿੰਘ ਢਿੱਲੋਂ, ਪ੍ਰੋ. ਜੋਤੀ, ਪ੍ਰੋ. ਬਲਜੀਤ ਸਿੰਘ, ਡਾ. ਤਨਵੀਰ ਸਿੰਘ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਹਰਸ਼ ਕੁਮਾਰ, ਪ੍ਰੋ. ਪ੍ਰੋ.ਸਤਵੀਰ ਕੌਰ, ਪ੍ਰੋ. ਪ੍ਰਮਜੀਤ ਕੌਰ, ਪ੍ਰੋ. ਬੇਅੰਤ ਕੌਰ, ਪ੍ਰੋ. ਸ਼ੈਰੀ, ਡਾ. ਸਿੰਪਲ ਬਾਂਸਲ, ਡਾ. ਪ੍ਰਤਿਭਾ ਜਿੰਦਲ ਅਤੇ ਡਾ. ਹਰਵਿੰਦਰ ਕੌਰ ਹਾਜ਼ਰ ਸਨ।