ਮਨੁੱਖੀ ਅਜ਼ਾਦੀ,ਸਮਾਨਤਾ ਅਤੇ ਹਕਾਂ ਦੀ ਬਰਾਬਰੀ ਨਾਲ ਜੁੜੇ ਸਰੋਕਾਰਾਂ ਲਈ ਜੂਝਣਾ ਸੰਗਰਾਮੀ ਯੋਧਿਆਂ ਲਈ ਹਮੇਸ਼ਾਂ ਚਣੌਤੀਆਂ ਭਰਭੂਰ ਰਿਹਾ ਹੈ ।

ਅਮਰੀਕਾ 11 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
1967 ਚ ਪੈਦਾ ਹੋਈ ਮਾਰੀਆ ਮਸਾਡੋ ,ਲਾਤੀਨੀ ਅਮਰੀਕਾ ਦੇ ਵੈਨਜ਼ੂਵੇਲਾ ਦੇਸ਼ ਵਿਚ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਵਰਿਆਂ ਤੋਂ ਆਪਣੀ ਜੀ- ਜਾਨ ਖਤਰੇ ਵਿਚ ਪਾ ਕੇ ਸੰਘਰਸ਼ ਕਰ ਰਹੀ ਹੈ। ਵਿਸ਼ਵ ਪ੍ਰਸਿਧ ਯੇਲ ਯੂਨੀਵਰਸਟੀ ਨਿਊ ਹੇਵਨ,ਅਮਰੀਕਾ ਤੋਂ ਉਚ ਸਿੱਖਿਆ ਪ੍ਰਾਪਤ ਮਾਰੀਆ, ਵੈਨਜ਼ੂਵੇਲਾ ਦੀ ਤਾਨਾਸ਼ਾਹ ਹਕੂਮਤ ਵਿਰੁੱਧ ਸਾਰੀਆਂ ਵਿਰੋਧੀ ਧਿਰਾਂ ਨੂੰ ਇਕਠਿਆਂ ਕਰਕੇ ਅਜ਼ਾਦ ਚੋਣਾਂ ਕਰਾ ਕੇ ਲੋਕ ਪ੍ਰਤੀਨਿਧ ਸਰਕਾਰ ਬਨਾਓਣ ਲਈ ਲੰਮੇ ਸਮੇਂ ਤੋਂ ਜ਼ਿਹਾਦ ਵਿਢੀ ਆ ਰਹੀ ਹੈ। ਆਪਣੇ ਦੇਸ਼ ਦੇ ਤਾਨਾਸ਼ਾਹ ਰਾਜ- ਪ੍ਰਬੰਧ ਦੀਆਂ ਜੜਾਂ ਵਿਚ ਤੇਲ ਦੇਣ ਦਾ ਕੰਮ ਓਦੋਂ ਕੀਤਾਂ ਜਦ 2024 ਵਿਚ ਓਹ ਸਾਰੀਆੰ ਵਿਰੋਧੀ ਧਿਰਾਂ ਵਲੋਂ ਓਥੋਂ ਦੇ ਤਾਨਾਸ਼ਾਹ ਨਿਕੋਲਸ ਮਾਡੂਰੋ(Nicholas Moduro)ਵਿਰੁਧ ਲਿਬਰਲ ਪਾਰਟੀ ਵਲੋਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣ ਗਈ। ਤਾਨਾਸ਼ਾਹ ਹਕੂਮਤ ਨੇ ਓਸਦੇ ਉਮੀਦਵਾਰੀ ਕਾਗਜ਼ ਰਦ ਕਰਵਾਕੇ ਮਾਰੀਆ ਤੇ ਬੇਤਹਾਸ਼ਾ ਸਰਕਾਰੀ ਤਸ਼ੱਦਦ ਢਾਹਿਆ। ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਪਿਛਲੇ 14 ਮਹੀਨਿਆਂ ਤੋਂ ਲੁਕ ਛਿਪ ਕੇ ਤਾਨਾਸ਼ਾਹ ਹਕੂਮਤ ਨੂੰ ਹਮੇਸ਼ਾਂ ਲਈ ਦਫਨ ਕਰਨ ਦੀਆਂ ਵਿਊਂਤਾ ਵਿਚ ਮਾਰੀਆ ਨੂੰ ਅੰਡਰਗਰਾਊਂਡ ਹੋਣਾ ਪਿਆ ਹੈ। ਸਾਰੇ ਲੋਕਤੰਤਰ ਦੇਸ਼ਾਂ ਦੇ ਲੋਕਾਂ ਵਲੋਂ ਮਾਰੀਆ ਨੂੰ ਦਿਤੇ ਗਏ ਨੋਬਲ ਪੁਰਸਕਾਰ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਓਧਰ ਅਮਰੀਕਾ ਦਾ ਪ੍ਰਧਾਨ ਜਿਹੜਾ ਖੁਦ ਨਸਲਵਾਦ ਨੂੰ ਹਵਾ ਦਿੰਦਾ ਰਿਹਾ ਅਤੇ ਦੁਨੀਆਂ ਦੇ ਵਖ ਵਖ ਹਿਸਿਆਂ ਵਿਚ ਚਲ ਰਹੇ ਯੁੱਧਾਂ ਨੂੰ ਰੋਕਣ ਦਾ ਆਪਣਾ ਸਵੈ- ਹਾਸਲ ਦਰਸਾ ਕੇ ਖੁਦ ਸ਼ਾਤੀ ਪੁਰਸਕਾਰ ਲੈਣ ਲਈ ਉਚੀ ਅਵਾਜ ਵਿਚ ਰੌਲਾ ਪਾ ਰਿਹਾ ਸੀ ,ਧਰਿਆ ਧਰਾਇਆ ਰਹਿ ਗਿਆ। ਖਾਹ ਮੁਖਾਹ ਇੰਡੋ ਪਾਕ ਯੁੱਧ ਬੰਦੀ ਦਾ ਸਿਹਰਾ ,ਫੇਰ ਇਜਰਾਇਲ-ਗਾਜਾ ਘਮਸਾਨ ਦਾ ਨਬੇੜਾ ਅਤੇ ਯੂਕਰੇਨ-ਰੂਸ ਯੁਧ ਖਤਮ ਕਰਨ ਦਾ ਢੰਡੋਰਾ ਪਿਟਣ ਵਾਲਾ ਟਰੰਪ ,ਵਾਸਤਿਵ ਵਿਚ ਦੁਨੀਆਂ ਚ ਆਰਥਿਕ ਨੀਤੀਆਂ ਅਤੇ ਟੈਰਿਫ ਦਾ ਘਚੋਲਾ ਪਾ ਕੇ ਅਸ਼ਾਂਤੀ ਪੈਦਾ ਕਰ ਰਿਹਾ ਹੈ। ਭਾਵੇਂ ਰੂਸ ਵਲੋਂ ਵੀ ਟਰੰਪ ਦੀ ਸ਼ਾਤੀ ਇਨਾਮ ਲਈ ਹੋਈ ਨਾਮਜ਼ਦਗੀ ਦੀ ਹਮਾਇਤ ਕੀਤੀ ਗਈ ਪਰ ਇਕ ਲਖ ਫਲਸਤੀਨੀਆਂ ਦਾ ਡੁਲਿਆ ਖੂਨ ਅਤੇ ਯੂਕਰੇਨ ਦੀਆਂ ਬਹਾਦਰ ਸ਼ਹੀਦ ਔਰਤਾਂ ਅਤੇ ਬਚਿਆਂ ਦੀਆਂ ਰੂਹਾਂ ਅਮਰੀਕਾ ਨੂੰ ਫਟਕਾਰ ਮਾਰ ਰਹੀਆਂ ਹਨ। ਵਿਸ਼ਵ ਦੇ ਵਖ ਵਖ ਹਿਸਿਆਂ ਵਿਚ ਲੋਕ ਪਖੀ ਤਾਕਤਾਂ ਅਤੇ ਅਮਨ ਨੂੰ ਤਕੜਾ ਕਰਨ ਦੀ ਥਾਂ ਡੋਨਾਲਡ ਟਰੰਪ ਆਪਣੇ ਸਵਾਰਥਾਂ ਦੀ ਪੂਰਤੀ ਲਈ ਪਾਕਿਸਤਾਨ ਵਰਗੀਆਂ ਗੈਰ ਜਮਹੂਰੀ ਸਰਕਾਰਾਂ ਦੇ ਫੌਜੀ ਅਫਸਰਾਂ ਨੂੰ ਨਿਊਤਾ ਦੇ ਕੇ ਆਪਣੇ ਰਵਾਇਤੀ ਅਤੇ ਇਤਿਹਾਸਕ ਲੋਕਤੰਤਰ ਨੂੰ ਲੋਕ ਮਨਾਂ ਤੋਂ ਦੂਰ ਲਿਜਾਣ ਵਲ ਕਦਮ ਚੁਕ ਰਿਹਾ ਹੈ।
10 ਅਕਤੂਬਰ ਨੂੰ ਨੌਰਵੇਜੀਅਨ ਨੋਬੇਲ ਇੰਸਟੀਚਿਊਟ ਵਲੋਂ ਕੀਤੇ ਐਲਾਨ ਮੁਤਾਬਕ ਲੋਕਤੰਤਰ ਨੂੰ ਜਿਊਂਦਾ ਰਖਣ ਅਤੇ ਮਾਨਵੀ ਅਧਿਕਾਰਾਂ ਨੂੰ ਬਚਾਓਣ ਲਈ ਜਿੰਦ ਜਾਨ ਲਗਾਓਣ ਵਾਲੀ ਲੋਕ ਨਾਇਕਾ ਮਾਰੀਆ ਕੋਰੀਨਾ ਮਸ਼ਾਡੋ ਨੋਬਲ ਸ਼ਾਤੀ ਪੁਰਸਕਾਰ ਦੇ ਇਤਿਹਾਸ ਵਿਚ ਵੀਹਵੀਂ ਔਰਤ ਬਣੀ ਹੈ। ਐਲਾਨ ਤੋਂ ਪਹਿਲਾਂ ਜਦ ਕਮੇਟੀ ਨੇ ਮਾਰੀਆ ਨੂੰ ਦਸਿਆ ਤਾਂ ਓਹ ਭਾਵਕ ਹੋ ਕੇ ਬੋਲੀ ਕਿ ਅਸੀਂ ਆਪਣੀ ਜਾਨ ਵਾਰ ਕੇ ਵੀ ਲੋਕਤੰਤਰ ਦੇ ਸੂਰਜ ਨੂੰ ਡੁੱਬਣ ਨਹੀਂ ਦਿਆਂਗੇ। ਕਮੇਟੀ ਨੇ ਲਿਖਿਆ ਹੈ ” ਮਾਰੀਆ ਵਲੋਂ ਆਪਣੇ ਵੈਨਜ਼ੂਵੇਲਾ ਦੇਸ਼ ਦੇ ਤਾਨਾਸ਼ਾਹ ਅਤੇ ਗੈਰ ਪ੍ਰਤੀਨਿਧ ਸਰਕਾਰ ਵਿਰੁਧ ਲੰਮੇ ਸਮੇਂ ਤੋਂ ਚਲਾਏ ਜਾ ਰਹੇ ਸੰਘਰਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਵਿਢੇ ਲੋਕ -ਘੋਲ ਵਿਚ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਨਾ ਬਣਦੀ ਹੈ”।
ਦੋ ਸਾਲ ਪਹਿਲਾਂ ਈਰਾਨ ਦੀ ਨਰਗਿਸੀ ਮੁਹੰਮਦੀ ਨੂੰ ਜੇਲ ਵਿਚ ਬੈਠੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿਤਾ ਗਿਆ ਸੀ।ਇਰਾਨ ਦੀ ਮਜ੍ਹਬੀ ਕਟੜਪੰਥੀ ਸਰਕਾਰ ਵਲੋਂ ਆਪਣੀ ਜਿਸ ਇੰਜੀਨੀਅਰ ਅਤੇ ਭੌਤਿਕ ਵਗਿਆਨੀ, ਨਰਗਿਸ ਮੁਹੰਮਦੀ ਨੂੰ 31 ਸਾਲਾਂ ਤੋਂ ਤੇਰਾਂ ਵਾਰ ਨਜ਼ਰਬੰਦ ਕਰਕੇ ਅਤੇ 154 ਕੋਰੜੇ (lashes) ਮਾਰ ਕੇ ਜੇਲ ਵਿਚ ਸੁਟਿਆ ਗਿਆ। ਜਦ ਉਸ ਲਈ ਵਿਸ਼ਵ ਦੇ ਸਭ ਤੋਂ ਉਚੇ ਸ਼ਾਂਤੀ ਪੁਰਸਕਾਰ ਦਾ ਐਲਾਨ ਨੋਬੇਲ ਇਨਾਮ ਕਮੇਟੀ ਵਲੋਂ ਕੀਤਾ ਗਿਆ ਤਾਂ ਪੂਰੀ ਦੁਨੀਆਂ ਵਿਚ ਮਾਨਵੀ ਹਕਾਂ ਤੇ ਪਹਿਰਾ ਦੇਣ ਵਾਲਿਆਂ ਦੇ ਹੌਸਲੇ ਬੁਲੰਦ ਹੋਏ ਸਨ। ਔਰਤਾਂ ਤੇ ਹੋ ਰਹੇ ਤਸ਼ੱਦਦ ,ਮਾਨਵੀ ਅਧਿਕਾਰਾਂ ਅਤੇ ਅਜ਼ਾਦੀ ਲਈ ਜੂਝਣ ਵਾਲੀ ਨਰਗਸੀ ਹੁਣ ਵੀ ਤਹਿਰਾਨ ਜੇਲ ਚ ਬੰਦ ਹੈ। ਸਾਲ 2023 ਵਿਚ ਨੌਰਵੇਜੀਅਨ ਨੋਬੇਲ ਕਮੇਟੀ ਨੇ ਲਿਖਿਆ ਸੀ, “ਮਾਨਵੀ ਹਕਾਂ ਲਈ ਵਿੱਢੀ ਲੰਮੀ ਜਦੋ -ਜਹਿਦ ਵਿਚ ਨਰਗਿਸ ਨੂੰ ਬਹੁਤ ਕੁਝ ਖੋਣਾ ਪਿਆ ਹੈ।ਇਸ ਸਨਮਾਨ ਨਾਲ ਅਸੀਂ ਵਿਸ਼ਵ ਦੇ ਓਨਾਂ ਹਨੇਰੇ ਖਲਾਂ- ਖੂੰਜਿਆਂ ਚ ਵੀ ਸਨੇਹਾ ਭੇਜਣਾ ਚਹੁੰਦੇ ਹਾਂ ਜਿਥੇ ਔਰਤਾਂ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਮੁਢਲੇ ਮਾਨਵੀ ਹਕਾਂ ਨੂੰ ਕੁਚਲਿਆ ਜਾ ਰਿਹਾ ਹੈ। “
ਇਕੀਵੀਂ ਸਦੀ ਦੇ ਤੀਸਰੇ ਦਹਾਕੇ ਵਿਚ ਇਹੋ ਜਿਹਾ ਅਮਾਨਵੀ ਵਰਤਾਰਾ ਓਥੋਂ ਦੇ ਨਿਜ਼ਾਮ ਦੀਆਂ ਜੜਾਂ ਵਿਚ ਤੇਲ ਦੇਣ ਵਾਲਾ ਹੈ। ਜਿਸ ਵੀ ਖਿਤੇ ਵਿਚ ਤਾਨਾਸ਼ਾਹ ਸਰਕਾਰਾਂ ਜਾਂ ਸਮਾਜ ਵਲੋਂ ਇਸ ਤਰਾਂ ਦਾ ਡਰੈਸ ਕੋਡ ਜਾਂ ਸਮਾਜਿਕ ਜਿਓਣਾ ਤਹਿ ਕੀਤਾ ਜਾਵੇਗਾ ਓਥੇ ਮਾਰੀਆ ਅਤੇ ਨਰਗਸ ਮੁਹੰਮਦੀ ਵਰਗੀਆਂ ਬੇਖੌਫ ਅਤੇ ਬਹਾਦਰ ਔਰਤਾਂ ਦਾ ਪੈਦਾ ਹੋਣਾ ਲਾਜ਼ਮੀ ਹੈ।
ਜ਼ੁਲਮ ਅਤੇ ਅਨਿਆਂ ਵਿਰੁਧ ਲੜਣ ਵਾਲੇ ਪੰਜਾਬੀ ਹਮੇਸ਼ਾ ਨਿਰੁੰਕਸ਼ ਅਤੇ ਮੂਲਵਾਦੀ ਰਾਜ ਪ੍ਰਬੰਧਾਂ ਵਿਰੁਧ ਡਟਦੇ ਰਹੇ ਹਨ। ਵੈਨਜ਼ਵੇਲਾ ਦੀ ਨਾਇਕਾ ਮਾਰੀਆ ਮਸ਼ਾਡੋ ਸਾਨੂੰ ਪੰਜਾਬੀਆਂ ਵਰਗੀ ਦਲੇਰ ਔਰਤ ਹੀ ਲਗਦੀ ਹੈ। ਕਿਵੇਂ ਪੰਜਾਬੀਆਂ ਫਰੰਗੀ ਹਕੂਮਤ ਨੂੰ ਖਤਮ ਕਰਨ ਵਿਚ ਗਦਰ ਦੀ ਗੂੰਜ ਅਤੇ ਕਾਲੇ ਪਾਣੀਆਂ ਦੇ ਤਸੀਹੇ ਝਲਦੇ ਸ਼ਹੀਦੀਆਂ ਪਾਓਂਦੇ ਰਹੇ ,ਸਾਨੂੰ ਮਾਰੀਆ ਮਸ਼ਾਡੋ ਅਤੇ ਨਰਗਸ ਮੁਹੰਮਦੀ ਆਪਣੀਆਂ ਧੀਆਂ ਵਾਂਗ ਲਗਦੀਆਂ ਹਨ। ਇੰਨਾਂ ਦੋਹਾਂ ਔਰਤਾਂ ਦੀ ਲੋਕਤੰਤਰ ਅਤੇ ਮਾਨਵੀ ਅਧਿਕਾਰਾਂ ਲਈ ਵਿੱਢੀ ਦਲੇਰਾਨਾ ਜਦੋ ਜਹਿਦ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਅਜ ਮਾਰੀਆ ਮਸਾਡੋ ਨੂੰ ਮਿਲੇ 2025 ਦੇ ਨੋਬਲ ਸ਼ਾਂਤੀ ਪੁਰਸਕਾਰ ਤੇ ਸਮੂਹ ਪੰਜਾਬੀ ਵਧਾਈ ਵੀ ਦਿੰਦੇ ਹਨ।
ਧੰਨਵਾਦ ਸਹਿਤ- ਫੇਸਬੁੱਕ