ਸੰਗਰੂਰ 12 ਅਕਤੂਬਰ (ਗੁਰਨਾਮ ਸਿੰਘ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਮਜਿਕ ਸੰਦਰਭਾਂ ਬਾਰੇ ਗੰਭੀਰ ਸੰਵਾਦ ਰਚਾਉਣ ਲਈ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਨੇ ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ ਦਾ ਆਯੋਜਨ ਡਾ. ਤੇਜਵੰਤ ਮਾਨ ਸਾਹਿਤ ਰਤਨ ਦੀ ਪ੍ਰਧਾਨਗੀ ਹੇਠ ਮਾਨਭਵਨ ਸੰਗਰੂਰ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਕੈਨੇਡਾ ਦੇ ਪ੍ਰੌੜ ਅਤੇ ਪ੍ਰਸਿੱਧ ਸਹਿਤਕਾਰ ਸੁਰਿੰਦਰ ਸਿੰਘ ਜੱਬਲ ਦੀ ਪੁਸਤਕ “ਵਿਰਾਸਤ ਦੇ ਰੂਬਰੂ” ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਕੋਮੀਅਤ ਦੇ ਪ੍ਰਸੰਗ ਵਿੱਚ ਅਜੋਕੇ ਸਮੇਂ ਲਾਹੌਰ ਤੇ ਦਿੱਲੀ ਦੇ ਉਲਝੇ ਮਸਲਿਆਂ ਬਾਰੇ ਬਾਹਰਮੁਖੀ ਸੰਵਾਦ ਰਚਾਉਂਦੀ ਹੈ ਇਸ ਪੁਸਤਕ ਦੀਆਂ ਰਚਨਾਵਾਂ ਜਿੱਥੇ ਗੁਰਮਤਿ ਆਸ਼ੇ ਅਨੁਸਾਰ ਮਾਨਵਤਾ ਦੀ ਭਲਾਈ ਦਾ ਉਦੇਸ਼ ਦਿੰਦੀਆਂ ਹਨ, ਉਥੇ ਹੀ ਰਾਜਸੀ ਸ਼ਕਤੀਆਂ ਵੱਲੋਂ ਉਲਝਾਈਆਂ ਜਾ ਰਹੀਆਂ ਤੰਦਾਂ ਨੂੰ ਸੁਲਝਾਉਣ ਦਾ ਠੋਸ ਉਪਰਾਲਾ ਹਨ। ਅਜੋਕੇ ਸਮੇਂ ਵਿੱਚ ਲਾਹੌਰ ਤੇ ਦਿੱਲੀ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ। ਅਮਰ ਗਰਗ ਕਲਮਦਾਨ ਨੇ ਮਿਥਿਹਾਸ ਦੇ ਸੰਦਰਭ ਵਿੱਚ ਪੁਸਤਕ ਬਾਰੇ ਬਾਹਮੁਖੀ ਬ੍ਰਿਤਾਂਤ ਸਿਰਜਿਆ। ਡਾ. ਭਗਵੰਤ ਸਿੰਘ ਨੇ ਲੇਖਕ ਦੀ ਬੌਧਿਕ ਅਮੀਰੀ ਅਤੇ ਸੁਹਜਾਤਮਕ ਪੱਖਾਂ ਦੀ ਗੱਲ ਕਰਦੇ ਇਸਦੇ ਇਤਿਹਾਸਕ ਪਸੰਗਾਂ ਨੂੰ ਛੁਹਿਆ, ਗੁਰਨਾਮ ਸਿੰਘ ਨੇ ਜੱਬਲ ਦੀਆਂ ਕਵਿਤਾਵਾਂ ਦਾ ਬਹੁਤ ਵਧੀਆ ਗਾਇਨ ਕੀਤਾ। ਨਿਹਾਲ ਸਿੰਘ ਮਾਨ ਨੇ ਗੁਰਬਾਣੀ ਹਵਾਲੇ ਨਾਲ ਇਸਨੂੰ ਵਧੀਆ ਪੁਸਤਕ ਦਰਸਾਇਆ। ਜਗਦੀਪ ਸਿੰਘ ਨੇ ਪੁਸਤਕ ਦੀ ਬਿੰਬਾਵਲੀ, ਸ਼ੈਲੀ ਅਤੇ ਅਲੰਕ੍ਰਿਤ ਭਾਸ਼ਾ ਨੂੰ ਸਰਾਹਿਆ। ਬਲਜਿੰਦਰ ਈਲਵਾਲ ਨੇ ਕਵਿਤਾ ਦੇ ਸਮਾਜਕ ਪੱਖਾਂ ਦੀ ਕਾਵਿਮਈ ਗੱਲ ਕੀਤੀ। ਡਾ. ਰਾਜੀਵ ਪੁਰੀ ਨੇ ਇਸਦੇ ਮਾਨਵਤਵਾਦੀ ਪਸ਼ਾਰਾਂ ਨੂੰ ਪੇਸ਼ ਕੀਤਾ। ਇਸ ਅਵਸਰ ਤੇ ਸੰਦੀਪ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ ਚਰਨ ਆਦਿਕ ਅਨੇਕਾਂ ਸਾਹਿਤਕਾਰ ਹਾਜਰ ਸਨ। ਜਗਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਭਗਵੰਤ ਸਿੰਘ ਨੇ ਸਮਾਗਮ ਬਾਰੇ ਗੱਲ ਕਰਦੇ ਹੋਏ ਭਵਿੱਖੀ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਗੁਰਨਾਮ ਸਿੰਘ ਬਹੁਤ ਖੂਬਸੁਰਤੀ ਨਾਲ ਮੰਚ ਸੰਚਾਲਨਾ ਕੀਤੀ। ਇਸ ਸਮਾਗਮ ਵਿੱਚ ਜੈਤੇਗ ਸਿੰਘ ਆਨੰਤ ਦੇ ਪ੍ਰਵਾਸ ਵਿੱਚ ਪੰਜਾਬੀ ਭਾਸ਼ਾ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਵੀ ਗੰਭੀਰ ਚਰਚਾ ਕੀਤੀ।