ਸੀ.ਪੀ.ਆਈ. ਦੀ ਜਿਲਾ ਕੌਂਸਲ ਮੀਟਿੰਗ ਨੂੰ ਕੀਤਾ ਸੰਬੋਧਨ
ਕੋਟਕਪੂਰਾ, 13 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਜਦੋਂ ਦੀ ਭਾਜਪਾ ਸਰਕਾਰ ਕੇਂਦਰ ਦੀ ਸੱਤਾ ਤੇ ਕਾਬਜ਼ ਹੋਈ ਹੈ, ਦਲਿਤ ਜਾਤੀਆਂ ’ਤੇ ਜ਼ੁਲਮਾਂ ਵਿੱਚ ਡੇਢ ਗੁਣਾ ਅਤੇ ਦਲਿਤ ਜਨਜਾਤੀਆਂ ਖਿਲਾਫ਼ ਜੁਰਮਾਂ ਵਿੱਚ ਦੁੱਗਣਾ ਵਾਧਾ ਹੋਇਆ ਹੈ।’ ਇਹ ਸ਼ਬਦ ‘ਨੈਸ਼ਨਲ ਕਰਾਈਮ ਰਿਕਾਰਡ ਬਿਉਰੋ’ ਦੇ ਹਵਾਲੇ ਨਾਲ ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਹਰਦੇਵ ਅਰਸ਼ੀ ਨੇ ਸੀਪੀਆਈ ਜਿਲਾ ਫਰੀਦਕੋਟ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੇ। ਕਾਮਰੇਡ ਗੁਰਨਾਮ ਸਿੰਘ ਮਾਨੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਅਰਸ਼ੀ ਨੇ ਪਿਛਲੇ ਦਿਨੀ ਦੇਸ਼ ਦੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਜਸਟਿਸ ਗਵਈ ਉੱਪਰ ਇੱਕ ਅੰਧ ਭਗਤ ਵਕੀਲ ਵੱਲੋਂ ਜੁੱਤਾ ਉਛਾਲੇ ਜਾਣ ਅਤੇ ਹਰਿਆਣੇ ਦੇ ਐਡੀਸ਼ਨਲ ਡੀ.ਜੀ.ਪੀ. ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਸਤਾਏ ਜਾਣ ਕਰਕੇ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇ ਦਲਿਤ ਸਮਾਜ ਨਾਲ ਸਬੰਧਤ ਇਹ ਉੱਚ ਅਧਿਕਾਰੀ ਵੀ ਸਮਾਜਿਕ ਜਬਰ ਦਾ ਸ਼ਿਕਾਰ ਹੋ ਸਕਦੇ ਹਨ ਤਾਂ ਆਮ ਦਲਿਤ ਮਨੁੱਖ ਨਾਲ ਕੀ ਸਲੂਕ ਹੁੰਦਾ ਹੋਵੇਗਾ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਕਾਮਰੇਡ ਅਰਸ਼ੀ ਨੇ ਕਿਹਾ ਕਿ ਸੀਪੀਆਈ ਮਿਹਨਤਕਸ਼ ਲੋਕਾਂ ਦੇ ਆਰਥਿਕ ਸ਼ੋਸ਼ਣ ਖਿਲਾਫ਼ ਸੰਘਰਸ਼ ਕਰਨ ਦੇ ਨਾਲ ਨਾਲ ਦਲਿਤ ਭਾਈਚਾਰੇ ਉੱਪਰ ਹੁੰਦੇ ਸਮਾਜਿਕ ਜਬਰ ਦੀ ਰੋਕਥਾਮ ਲਈ ਵੀ ਹਮੇਸ਼ਾ ਸੰਘਰਸ਼ ਦੇ ਮੈਦਾਨ ਵਿੱਚ ਰਹੀ ਹੈ। ਪਾਰਟੀ ਦੇ ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਪਿਛਲੇ ਦਿਨੀ ਪਾਰਟੀ ਦੇ ਚੰਡੀਗੜ ਵਿਖੇ ਹੋਏ ਕੌਮੀ ਮਹਾਂ ਸੰਮੇਲਨ ਅਤੇ ਮੁਹਾਲੀ ਵਿਖੇ ਕੀਤੀ ਰੈਲੀ ਵਿੱਚ ਜਿਲੇ ਦੇ ਯੋਗਦਾਨ ਬਾਰੇ ਰਿਪੋਰਟ ਪੇਸ਼ ਕੀਤੀ ਜਿਸ ਨੂੰ ਜਿਲਾ ਕੌਂਸਲ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਇਸ ਤੋਂ ਇਲਾਵਾ ਪਾਰਟੀ ਨੇ ਆਉਣ ਵਾਲੇ ਦਿਨਾਂ ਵਿੱਚ ਤਹਿਸੀਲ ਪੱਧਰ ਦੀਆਂ ਕਾਨਫਰੰਸਾਂ ਕਰਵਾਉਣ ਲਈ ਜਿਲੇ ਵਿਚਲੀਆਂ ਤਿੰਨ ਤਹਿਸੀਲਾਂ ਲਈ ਆਬਜਰਵਰਾਂ ਦੀ ਨਿਯੁਕਤੀ ਕੀਤੀ। ਇਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਭਾਰੀ ਬਾਰਿਸ਼ਾਂ ਕਾਰਨ ਗਰੀਬ ਪਰਿਵਾਰਾਂ ਦੇ ਨੁਕਸਾਨੇ ਗਏ ਮਕਾਨਾਂ ਦੀ ਮੁਰੰਮਤ ਲਈ ਗਰਾਂਟਾਂ ਤੁਰਤ ਜਾਰੀ ਕੀਤੀਆਂ ਜਾਣ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਮਾਨ, ਗੋਰਾ ਪਿਪਲੀ, ਇੰਦਰਜੀਤ ਸਿੰਘ ਗਿੱਲ, ਸੁਖਜਿੰਦਰ ਸਿੰਘ ਤੂੰਬੜਭੰਨ, ਸ਼ਸ਼ੀ ਸ਼ਰਮਾ, ਮਨਜੀਤ ਕੌਰ, ਮੁਖਤਿਆਰ ਸਿੰਘ ਭਾਣਾ, ਚਰਨਜੀਤ ਸਿੰਘ ਚੰਮੇਲੀ, ਕਾਮਰੇਡ ਸੁਖਦਰਸ਼ਨ ਰਾਮ ਅਤੇ ਬੋਹੜ ਸਿੰਘ ਔਲਖ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਪੱਪੀ ਢਿਲਵਾਂ, ਪ੍ਰਦੀਪ ਬਰਾੜ, ਜਗਤਾਰ ਸਿੰਘ ਰਾਜੋਵਾਲਾ, ਹਰਪਾਲ ਮਚਾਕੀ, ਕਾਮਰੇਡ ਸ਼ਾਮ ਸੁੰਦਰ ਅਤੇ ਰਾਮ ਸਰੂਪ ਚੰਦ ਭਾਨ ਨੇ ਵੀ ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।