ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਆਦੇਸ਼
ਗੈਰ ਕਾਨੂੰਨੀ ਤਰੀਕੇ ਨਾਲ ਸ਼ੈਲਰਾਂ ਵਿੱਚ ਝੋਨਾ ਲਾਉਣ ਵਾਲਿਆਂ ਸ਼ੈਲਰਾਂ ਦੇ ਹੋਣਗੇ ਲਾਇਸੈਂਸ ਕੈਂਸਰ ਡੀਐਫਐਸਸੀ
ਨਿਯਮਾਂ ਦੇ ਉਲਟ ਕੰਮ ਕਰਨ ਵਾਲੇ ਸ਼ੈਲਰਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ : ਚੇਅਰਮੈਨ
ਕੋਟਕਪੂਰਾ, 13 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਦੀ ਸਬ ਡਿਵੀਜ਼ਨ ਕੋਟਕਪੂਰਾ ਅਧੀਨ ਪਿੰਡ ਹਰੀਨੌ ਵਿਖੇ ਆਉਂਦੇ ਦੋ ਸ਼ੈਲਰਾਂ ਵਿੱਚ ਰਾਜਸਥਾਨ ਤੋਂ ਅਣਅਧਿਕਾਰਤ ਤੌਰ ’ਤੇ ਲਿਆਂਦੀਆਂ ਗਈਆਂ ਝੋਨੇ ਦੀਆਂ ਟਰਾਲੀਆਂ ਨੂੰ ਫੂਡ ਤੇ ਸਿਵਲ ਸਪਲਾਈ ਵਿਭਾਗ, ਮਾਰਕੀਟ ਕਮੇਟੀ ਵੱਲੋਂ ਮੌਕੇ ’ਤੇ ਕਾਬੂ ਕਰਕੇ ਉਹਨਾਂ ਸੈਲਰ ਮਾਲਕਾਂ ਵਿਰੁੱਧ ਕਾਰਵਾਈ ਆਰੰਭੀ ਗਈ ਹੈ। ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਦੇ ਪਿੰਡ ਹਰੀਨੌ ਵਿੱਚ ਸਥਿੱਤ ਮਾਰਕਫੈੱਡ ਨੂੰ ਅਲਾਟ ਹੋਏ ਦੋ ਸ਼ੈਲਰ ਅੰਨਪੂਰਨਾ ਅਤੇ ਯੂਨਾਈਟਡ ਰਾਈਸ ਮਿੱਲ ਸੈਲਰ ਵਿੱਚ ਰਾਜਸਥਾਨ ਦੇ ਹਨੂੰਮਾਨਗੜ੍ਹ (ਰਾਜਸਥਾਨ) ਤੋਂ ਟਰੈਕਟਰ-ਟਰਾਲੀਆਂ ’ਤੇ ਝੋਨਾ ਲਿਆ ਕੇ ਅਨਲੋਡ ਕੀਤਾ ਜਾ ਰਿਹਾ ਹੈ। ਜਿਸ ਦੀ ਮੌਕੇ ’ਤੇ ਪਹੁੰਚ ਕੇ ਇੱਕ ਅਨਲੋਡ ਕੀਤੀ ਗਈ ਟਰਾਲੀ ਅਤੇ ਤਿੰਨ ਟਰਾਲੀਆਂ ਝੋਨੇ ਦੀਆਂ ਭਰੀਆਂ ਪਾਈਆਂ ਗਈਆਂ। ਉਹਨਾਂ ਕਿਹਾ ਕਿ ਇਹ ਝੋਨਾ ਰਾਜਸਥਾਨ ਤੋਂ ਲਿਆ ਕੇ ਬਿਨਾਂ ਮਾਰਕੀਟ ਫ਼ੀਸ ਅਦਾ ਕੀਤੇ ਅਣਅਧਿਕਾਰਤ ਤੌਰ ’ਤੇ ਅਨਲੋਡ ਕੀਤਾ ਜਾ ਰਿਹਾ ਸੀ ਅਤੇ ਇਹਨਾਂ ਫਰਮਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਂਦ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਪਾਰਟੀ ਨੂੰ ਬੁਲਾ ਕੇ ਸ਼ੈਲਰ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ’ਤੇ ਐਫ.ਆਈ.ਆਰ. ਦਰਜ ਕਰਨ ਕਿਹਾ ਗਿਆ ਹੈ। ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਇਹਨਾਂ ਸ਼ੈਲਰਾਂ ਦੇ ਲਾਇਸੰਸ ਕੈਂਸਲ ਕੀਤੇ ਜਾਣਗੇ ਅਤੇ ਉਹਨਾਂ ਨੂੰ ਛੰਡਾਈ ਲਈ ਝੋਨਾ ਵੀ ਬੰਦ ਕੀਤਾ ਜਾਵੇਗਾ।