ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਦਿਕ ਅਤੇ ਕੋਟਕਪੂਰਾ ਮੰਡੀ ‘ਚ ਕਿਸਾਨਾਂ ਅਤੇ ਯੂਨੀਅਨ ਆਗੂਆਂ ਨੇ ਰਾਜਸਥਾਨ ਤੋਂ ਆਈਆਂ ਟਰਾਲੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸ਼ੈਲਰਾਂ ‘ਚ ਉਤਾਰਦੇ ਫੜਿਆ ਹੈ। ਬਿਨਾਂ ਕਿਸੇ ਮੌਇਸ਼ਚਰ ਚੈੱਕ, ਰੈਗੂਲੇਟਰੀ ਜਾਂਚ ਤੋਂ ਬਿਨਾਂ ਦੂਜੇ ਸੂਬਿਆਂ ਦਾ ਝੋਨਾ ਪੰਜਾਬ ਦੇ ਸ਼ੈਲਰਾਂ ‘ਚ ਪਹੁੰਚ ਰਿਹਾ ਹੈ। ਇਹ ਹਾਲਤ ਉਸ ਸਮੇਂ ਹੋ ਰਹੀ ਹੈ, ਜਦੋਂ ਪੰਜਾਬ ਦਾ ਕਿਸਾਨ ਮੀਂਹ ਤੇ ਸ਼ੈਲਰ ਹੜਤਾਲਾਂ ਕਾਰਨ ਪਹਿਲਾਂ ਹੀ ਨੁਕਸਾਨ ਝੱਲ ਰਿਹਾ ਹੈ। ਇਹ ਕਾਰਵਾਈ ਸਿੱਧਾ ਪੰਜਾਬ ਦੇ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਰਸ਼ ਸੱਚਰ ਨੇ ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਆਖਿਆ ਜਿਹੜੇ ਸ਼ੈਲਰ ਮਾਲਕ ਇਸ ਗੈਰਕਾਨੂੰਨੀ ਉਤਾਰਨ ਵਿੱਚ ਸ਼ਾਮਲ ਹਨ, ਉਨ੍ਹਾਂ ‘ਤੇ ਮਾਮਲਾ ਦਰਜ ਕਰਨ, ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾਣ, ਸਾਰੇ ਐਂਟਰੀ ਪੁਆਇੰਟਾਂ ਅਤੇ ਮੰਡੀਆਂ ‘ਤੇ ਰੀਅਲ ਟਾਈਮ ਨਿਗਰਾਨੀ ਤੇ ਨਿਯਮਾਂ ਦੀ ਸਖ਼ਤ ਲਾਗੂ ਕਰਨੀ ਹੋਵੇ, ਪੰਜਾਬ ਦੇ ਕਿਸਾਨਾਂ ਨੂੰ ਐੱਮਐੱਸਪੀ ’ਤੇ ਪਹਿਲਾ ਹੱਕ ਦਿੱਤਾ ਜਾਵੇ। ਅਰਸ਼ ਸੱਚਰ ਨੇ ਕਿਹਾ ਕਿ ਇਹ ਸਿਰਫ਼ ਇੱਕ ਮੰਡੀ ਦਾ ਮਾਮਲਾ ਨਹੀਂ, ਇਹ ਪੰਜਾਬ ਦੇ ਕਿਸਾਨ ਦੀ ਇੱਜ਼ਤ ਅਤੇ ਜੀਵਨ ਦਾ ਸਵਾਲ ਹੈ। ਜੇ ਸਰਕਾਰ ਨੇ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਤਾਂ ਕਿਸਾਨਾਂ ਦਾ ਸਰਕਾਰ ‘ਤੇ ਭਰੋਸਾ ਹਿਲ ਜਾਵੇਗਾ। ਆਰਸ਼ ਸੱਚਰ ਨੇ ਕਿਹਾ ਕਿ ਸਰਕਾਰ ਕੁਝ ਘੰਟਿਆਂ ਵਿੱਚ ਸਖ਼ਤ ਕਾਰਵਾਈ ਕਰੇ ਤਾਂ ਕਿ ਸਪਸ਼ਟ ਸੁਨੇਹਾ ਜਾਵੇ। ਅਰਸ਼ ਸੱਚਰ ਨੇ ਵਿਸ਼ਵਾਸ ਦਵਾਇਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ।