ਗਿਆਨੀ ਜੈਲ ਸਿੰਘ ਨਾਲ ਸਬੰਧਤ ਹੱਥ ਲਿਖਤਾਂ ਤੇ ਤਸਵੀਰਾਂ ਗਾਇਬ
ਫਰੀਦਕੋਟ, 30 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਅਤੇ ਇਸ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀਆਂ ਇਮਾਰਤਾਂ ’ਚੋਂ ਪਿਛਲੇ ਕੁਝ ਦਿਨਾਂ ’ਚ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋਣ ਦੀ ਸੂਚਨਾ ਹੈ। ਯੂਨੀਵਰਸਿਟੀ ’ਚ ਪਈਆਂ ਕੁਝ ਵਿਰਾਸਤੀ ਚੀਜਾਂ ਵੀ ਚੋਰੀ ਹੋ ਗਈਆਂ ਹਨ, ਜਿਨਾਂ ’ਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਜੇਲ ਯਾਤਰਾ ਦੌਰਾਨ ਇੱਥੇ ਰੱਖਿਆ ਸਾਮਾਨ ਵੀ ਸ਼ਾਮਲ ਹੈ। ਪੁਰਾਣੀ ਜੇਲ ਦੀ ਇਮਾਰਤ ਅੱਜ-ਕੱਲ ਯੂਨੀਵਰਸਿਟੀ ਅਧੀਨ ਹੈ ਅਤੇ ਇੱਥੇ ਗਿਆਨੀ ਜ਼ੈਲ ਸਿੰਘ ਨਾਲ ਸਬੰਧਤ ਬੇੜੀਆਂ ਚੱਕੀ, ਤਸਵੀਰਾਂ ਅਤੇ ਕੁਝ ਹੱਥ ਲਿਖਤਾਂ ਪਈਆਂ ਸਨ। ਹੁਣ ਇਹ ਸਾਮਾਨ ਵੀ ਚੋਰੀ ਹੋ ਗਿਆ ਹੈ। ਸੂਚਨਾ ਅਨੁਸਾਰ 40 ਕਰੋੜ ਦੀ ਲਾਗਤ ਨਾਲ ਬਣੇ ਆਧੁਨਿਕ ਹੋਸਟਲ ’ਚੋਂ ਟੂਟੀਆਂ, ਪੱਖੇ ਅਤੇ ਫਰਨੀਚਰ ਗਾਇਬ ਹੈ। ਇਸੇ ਤਰਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਇਮਾਰਤ ’ਚੋਂ ਇਨਵਰਟਰ, ਪੱਖੇ ਅਤੇ ਗਰਿੱਲਾਂ ਚੋਰੀ ਹੋਈਆਂ ਹਨ। ਹਸਪਤਾਲ ’ਚੋਂ ਡਾਕਟਰੀ ਮਸ਼ੀਨਾਂ ਦੇ ਨਾਲ-ਨਾਲ ਦਵਾਈਆਂ, ਬੈਟਰੀਆਂ ਅਤੇ ਹੋਰ ਸਮਾਨ ਚੋਰੀ ਹੋਣ ਦੀ ਵੀ ਸੂਚਨਾ ਹੈ। ਇੱਕ ਦਰਜਨ ਤੋਂ ਵੱਧ ਮਰੀਜਾਂ ਦੇ ਵਾਰਸਾਂ ਨੇ ਵੀ ਆਪਣਾ ਸਾਮਾਨ ਚੋਰੀ ਹੋਣ ਦੀ ਵੀ ਸ਼ਿਕਾਇਤ ਦਰਜ ਕਰਵਾਈ ਹੈ। ਬਾਬਾ ਫਰੀਦ ਯੂਨੀਵਰਸਿਟੀ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਉਨਾਂ ਯੂਨੀਵਰਸਿਟੀ, ਹਸਪਤਾਲ ਅਤੇ ਮੈਡੀਕਲ ਕਾਲਜ ਦੀਆਂ ਇਮਾਰਤਾਂ ਦਾ ਖੁਦ ਦੌਰਾ ਕੀਤਾ ਹੈ ਅਤੇ ਵੱਡੀ ਪੱਧਰ ’ਤੇ ਸਾਮਾਨ ਚੋਰੀ ਹੋਣ ਬਾਰੇ ਜਾਣਕਾਰੀ ਮਿਲੀ ਹੈ। ਉਨਾਂ ਕਿਹਾ ਕਿ ਸਿਟੀ ਪੁਲੀਸ ਨੂੰ ਇਸ ਮਾਮਲੇ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਯੂਨੀਵਰਸਿਟੀ ਮੈਨੇਜਮੈਂਟ ਬੋਰਡ ਨੇ ਯੂਨੀਵਰਸਿਟੀਆਂ ਅਤੇ ਮੈਡੀਕਲ ਕਾਲਜ ਦੀਆਂ ਇਮਾਰਤਾਂ ਅਤੇ ਸਾਜੋ-ਸਾਮਾਨ ਦੀ ਸੁਰੱਖਿਆ ਲਈ ਤੁਰਤ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।