ਡਰੋਨ ਅਤੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀ ਕੀਤੀ ਜਾ ਰਹੀ ਹੈ ਨਿਗਰਾਨੀ : ਐਸਐਸਪੀ

ਕੋਟਕਪੂਰਾ, 16 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਿਉਹਾਰਾਂ ਦੇ ਮੱਦੇਨਜਰ ਫਰੀਦਕੋਟ ਪੁਲਿਸ ਵੱਲੋ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਅੱਜ ਜਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਲਈ ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫਰੀਦਕੋਟ ਵੱਲੋਂ ਸੁਰੱਖਿਆ ਬਲਾ ਦੇ ਨਾਲ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਇਲਾਕਿਆ ਅੰਦਰ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਵਿੱਚ ਉਹਨਾਂ ਨਾਲ ਸਬੰਧਿਤ ਮੁੱਖ ਅਫਸਰ ਥਾਣਾ ਸਮੇਤ ਏ.ਆਰ.ਪੀ. ਟੀਮਾਂ, ਟਰੈਫਿਕ ਕਰਮਚਾਰੀਆਂ, ਪੀ.ਸੀ.ਆਰ. ਟੀਮਾਂ ਅਤੇ 150 ਦੇ ਕਰੀਬ ਪੁਲਿਸ ਕਰਮਚਾਰੀਆਂ ਵੀ ਸਾਮਿਲ ਹੋਏ। ਇਸ ਫਲੈਗ ਮਾਰਚ ਦੀ ਸ਼ੁਰੂਆਤ ਥਾਣਾ ਸਿਟੀ ਫਰੀਦਕੋਟ ਵਿੱਚੋ ਹੋਈ ਅਤੇ ਇਹ ਫਲੈਗ ਮਾਰਚ ਭਾਈ ਘਨੱਈਆ ਚੌਕ, ਘੰਟਾ ਘਰ ਚੌਕ, ਹੁੱਕੀ ਚੌਕ, ਜੁਬਲੀ ਚੌਕ ਹੁੰਦਾ ਹੋਇਆ ਸ਼ਹਿਰ ਦੇ ਹੋਰ ਇਲਾਕਿਆ ਵਿੱਚੋ ਦੀ ਲੰਘਿਆ। ਇਸ ਦੌਰਾਨ ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫਰੀਦਕੋਟ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਨਿਗਰਾਨੀ ਹੇਠ ਤਿਉਹਾਰਾ ਦੇ ਮੱਦੇਨਜਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਫਰੀਦਕੋਟ ਪੁਲਿਸ ਵੱਲੋਂ ਸਖਤ ਨਾਕਾਬੰਦੀਆਂ, ਗਸ਼ਤਾਂ ਅਤੇ ਸੀ.ਸੀ.ਟੀ.ਵੀ ਕੈਮਰਿਆ ਅਤੇ ਡਰੋਨ ਕੈਮਰਿਆਂ ਰਾਹੀ ਸ਼ੱਕ ਗਤੀਵਿਧੀਆਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸੇ ਦੇ ਤਹਿਤ ਹੀ ਅੱਜ ਫਰੀਦਕੋਟ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ ਗਿਆ ਹੈ, ਜਿਸ ਉਪਰੰਤ ਸ਼ਹਿਰ ਅੰਦਰ ਨਾਕਾਬੰਦੀਆਂ ਵੀ ਕੀਤੀਆ ਜਾ ਰਹੀਆ ਹਨ। ਉਹਨਾ ਦੱਸਿਆ ਕਿ ਇਹਨਾ ਫਲੈਗ ਮਾਰਚਾ ਦਾ ਮਕਸਦ ਜਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿੱਤੀ ਬਣਾਈ ਰੱਖਣ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜੂਬਤ ਕਰਨਾ ਹੈ। ਇਸ ਦੇ ਨਾਲ ਹੀ ਉਹਨਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹਨਾ ਨੂੰ ਕੋਈ ਵੀ ਲਵਾਰਿਸ ਵਸਤੂ ਜਾਂ ਸ਼ੱਕੀ ਵਿਅਕਤੀ ਦਿਖਾਈ ਦੇਵੇ ਤਾਂ ਉਹ ਇਸ ਬਾਰੇ ਤੁਰਤ ਪੁਲਿਸ ਨੂੰ ਸੂਚਿਤ ਕਰਨ।