

ਕੋਟਕਪੂਰਾ, 16 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਾ ਬਲੂਮਿੰਗਡੇਲ ਸਕੂਲ ਵਿਖੇ ‘ਪਾਣੀ ਬਚਾਓ’ ਵਿਸ਼ੇ ’ਤੇ ਇੱਕ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਪਾਣੀ ਬਚਤ ਨਾਲ ਜੁੜੇ ਅਨੇਕਾਂ ਨਾਅਰੇ ਜਿਵੇਂ ‘ਪਾਣੀ ਬਚਾਓ ਜੀਵਨ ਬਚਾਓ, ‘ਜਲ ਹੈ ਤਾਂ ਕੱਲ੍ਹ ਹੈ”, ‘ਪਾਣੀ ਦੀ ਸੰਭਾਲ ਹੀ ਜੀਵਨ ਦੀ ਸੰਭਾਲ ਹੈ’ ਆਦਿ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਕੇਂਦਰ ਰਹੇ। ਇਸ ਮੌਕੇ ਜਮਾਤ ਤੀਜੀ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਪਾਣੀ ਦੀ ਜੀਵਨ ਵਿੱਚ ਮਹੱਤਤਾ ਨੂੰ ਦਰਸਾਉਂਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ। ਵਿਦਿਆਰਥੀਆਂ ਵੱਲੋਂ ਭਾਸ਼ਣ, ਕਹਾਣੀ, ਡਾਂਸ, ਨੁੱਕੜ ਨਾਟਕ, ਕਵਿਤਾ ਅਤੇ ਸਕਿੱਟ ਆਦਿ ਰੂਪ ਵਿੱਚ ਬਹੁਤ ਹੀ ਸੁੰਦਰ ਪੇਸ਼ਕਾਰੀਆਂ ਕੀਤੀਆਂ ਗਈਆਂ। ਉਹਨਾਂ ਦੀਆਂ ਰਚਨਾਤਮਕ ਪੇਸ਼ਕਾਰੀਆਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਇਸ ਅਸੈਂਬਲੀ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਵਿਦਿਆਰਥੀਆਂ ਨਾਲ ਨਾਲ ਮਾਪਿਆਂ ਨੇ ਵੀ ਖੇਡ-ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਮਾਪਿਆਂ ਦੀ ਇਸ ਭਾਗੀਦਾਰੀ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗਤ ਦਿੱਤੀ। ਪਾਣੀ ਬਚਾਓ ਵਿਸ਼ੇ ਨਾਲ ਜੁੜੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਣੀ ਦੀ ਮਹੱਤਤਾ ਸਮਝਾਉਣਾ ਅਤੇ ਉਹਨਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਸੀ, ਤਾਂ ਜੋ ਉਹ ਆਪਣੇ ਜੀਵਨ ਵਿੱਚ ਪਾਣੀ ਦੀ ਸਦਵਰਤੋਂ ਕਰ ਸਕਣ। ਉਹਨਾ ਉਦਾਹਰਨ ਦਿੰਦਿਆਂ ਦੱਸਿਆ ਕਿ ‘ਪਾਣੀ ਹੈ ਅਨਮੋਲ ਰਤਨ, ਪਾਣੀ ਬਚਾਉਣ ਦਾ ਕਰੋ ਯਤਨ”। ਪ੍ਰਿੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਣੀ ਸਾਡੇ ਜੀਵਨ ਦਾ ਆਧਾਰ ਹੈ। ਇਹ ਸਿਰਫ਼ ਸਰੀਰਕ ਤੰਦਰੁਸਤੀ ਲਈ ਹੀ ਨਹੀਂ, ਸਗੋਂ ਪੂਰੀ ਧਰਤੀ ਦੇ ਜੀਵਨ ਲਈ ਅਨਿਵਾਰ ਹੈ। ਉਹਨਾਂ ਨੇ ਪਾਣੀ ਦੀ ਸੁਰੱਖਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਵਿਗਿਆਨਕ ਵਿਕਾਸ ਦੇ ਨਾਲ ਪਾਣੀ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਕਾਰਨ ਪੀਣ ਯੋਗ ਪਾਣੀ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਅਜਿਹੇ ਜਾਗਰੂਕਤਾ ਪ੍ਰੋਗਰਾਮ ਬਹੁਤ ਜ਼ਰੂਰੀ ਹਨ। ਅੰਤ ਵਿੱਚ ਪ੍ਰਿੰਸੀਪਲ ਨੇ ਵਿਦਿਆਰਥੀਆਂ ਤੇ ਮਾਪਿਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੂਲ ਦੇ ਹਰ ਪ੍ਰੋਗਰਾਮ ਦੀ ਸਫਲਤਾ ਵਿਦਿਆਰਥੀਆਂ ਅਤੇ ਮਾਪਿਆਂ ਦੇ ਪੂਰੇ ਸਹਿਯੋਗ ਨਾਲ ਹੀ ਸੰਭਵ ਹੈ।