ਤਿਉਹਾਰਾਂ ਮੌਕੇ ਸਾਨੂੰ ਲੋੜਵੰਦਾਂ ਦੀ ਕਰਨੀ ਚਾਹੀਦੀ ਹੈ ਮੱਦਦ : ਜੈ ਚੰਦ ਬੇਂਵਾਲ
ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਨ ਦੀ ਕੀਤੀ ਅਪੀਲ
ਕੋਟਕਪੂਰਾ, 17 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਉਣ ਵਾਲੇ ਸਮੇਂ ਵਿੱਚ ਸਾਰੇ ਭਾਰਤ ਦੇਸ਼ ਵਾਸੀ ਦੀਵਾਲੀ ਅਤੇ ਬੰਦੀ ਛੋਡ ਦਿਵਸ ਦੇ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਉਣ ਜਾ ਰਹੇ ਹਨ। ਇਸ ਮੌਕੇ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਸਾਰੇ ਮੈਂਬਰਾਂ ਵਲੋਂ ਸਮੂਹ ਪੰਜਾਬ ਅਤੇ ਦੇਸ਼ ਦੀ ਸੰਗਤ ਨੂੰ ਦੀਵਾਲੀ ਅਤੇ ਬੰਦੀ ਛੋਡ ਦਿਵਸ ਦੇ ਤਿਉਹਾਰਾਂ ਦੀਆਂ ਮੁਬਾਰਕਬਾਦ ਦਿੰਦਿਆਂ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਸਾਰਿਆਂ ’ਤੇ ਆਪਣਾ ਮੇਹਰ ਭਰਿਆ ਹੱਥ ਰੱਖੇ, ਕਿਉਂਕਿ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਨੇ ਹੜਾਂ ਦੀ ਕੁਦਰਤੀ ਮਾਰ ਝੱਲੀ ਹੈ, ਜਿਸ ਕਾਰਨ ਪੰਜਾਬ ਵਾਸੀਆਂ ਦਾ ਬਹੁਤ ਮਾਲੀ ਅਤੇ ਜਾਨੀ ਨੁਕਸਾਨ ਹੋਇਆ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੈ ਚੰਦ ਬੇਂਵਾਲ ਅਤੇ ਯੂਥ ਪ੍ਰਧਾਨ ਹਰਵਿੰਦਰ ਪਾਲ ਨੇ ਕਿਹਾ ਕਿ ਸਾਨੂੰ ਤਿਉਹਾਰਾਂ ’ਤੇ ਫਜੂਲ ਖ਼ਰਚੇ ਤੋਂ ਗੁਰੇਜ਼ ਕਰਕੇ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸੁਸਾਇਟੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਅਜੀਤ ਵਰਮਾ ਅਤੇ ਸਰਪ੍ਰਸਤ ਚੌਧਰੀ ਹੰਸ ਰਾਜ ਨੇ ਕਿਹਾ ਕਿ ਸੁਸਾਇਟੀ ਦੇ ਮੈਂਬਰਾਂ ਅਤੇ ਪ੍ਰਜਾਪਤ ਸਮਾਜ ਦੇ ਲੋਕਾਂ ਵੱਲੋਂ ਹੜ ਪੀੜ੍ਹਤਾਂ ਦੀ ਆਰਥਿਕ ਮੱਦਦ ਲਈ ਕੁਝ ਮਾਇਆ ਇਕੱਤਰ ਕੀਤੀ ਗਈ, ਜਿਸ ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਅਸ਼ੋਕ ਕੁਮਾਰ ਅਤੇ ਅਰਜਨ ਰਾਮ ਨੇ ਕਿਹਾ ਕਿ ਅਸੀਂ ਪ੍ਰਜਾਪਤ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋ ਵੱਧ ਮਿੱਟੀ ਦੇ ਦੀਵਿਆਂ ਅਤੇ ਬਰਤਨਾਂ ਦੀ ਵਰਤੋਂ ਕਰਨ ਅਤੇ ਚਾਈਨਾ ਸਮਾਨ ਦਾ ਬਾਈਕਾਟ ਕਰਨ। ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਤੇਜਿੰਦਰ ਪਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਪ੍ਰਜਾਪਤ ਸਮਾਜ ਦੀ ਉੱਨਤੀ ਲਈ ਕਾਰਗਰ ਨੀਤੀਆਂ ਬਣਾਈਆਂ ਜਾਣ। ਇਸ ਮੌਕੇ ਹੋਰਨਾ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।