18 ਕੁਇੰਟਲ 50 ਕਿਲੋ ਨਕਲੀ ਮਠਿਆਈ ਕੀਤੀ ਗਈ ‘ਸੀਲ’
115.5 ਕਿਲੋ ਮਿਲਕ ਕੇਕ, 180 ਕਿਲੋ ਖੋਇਆ ਬਰਫੀ ਅਤੇ 16 ਕੁਇੰਟਲ ਸੋਨ ਪਾਪੜੀ ਕੀਤੀ ਗਈ ਸੀਲ
ਦੁਕਾਨ ’ਤੇ ਮੌਜੂਦ ਵੱਖ-ਵੱਖ ਮਠਿਆਈਆਂ ਦੀ ਟੈਸਟਿੰਗ ਲਈ ਭਰੇ ਸੈਂਪਲ : ਐਸ.ਪੀ.
ਕੋਟਕਪੂਰਾ, 20 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੇ ਨਿਰਦੇਸ਼ਾਂ ਤਹਿਤ ਤਿਉਹਾਰਾਂ ਦੇ ਸੀਜ਼ਨ ਦੌਰਾਨ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ ਨਜਰ ਆ ਰਹੀ ਹੈ। ਜਿੱਥੇ ਪੁਲਿਸ ਟੀਮਾਂ ਵੱਲੋਂ ਮਾੜੇ ਅਨਸਰਾਂ ਉੱਪਰ ਪੂਰੀ ਤਰ੍ਹਾ ਨਕੇਲ ਕਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਇਸਦੇ ਨਾਲ ਹੀ ਸਿਹਤ ਵਿਭਾਗ ਦੇ ਫੂਡ ਸੇਫਟੀ ਅਧਿਕਾਰੀਆਂ ਦੀਆਂ ਟੀਮਾਂ ਨਾਲ ਮਿਲ ਕੇ ਮਿਲਾਵਟਖ਼ੋਰਾਂ ਤੇ ਘਟੀਆ ਮਠਿਆਈਆਂ ਤੇ ਦੁੱਧ ਤੋਂ ਬਣੇ ਪਦਾਰਥ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਹਨਾ ਟੀਮਾਂ ਵੱਲੋਂ ਹਰ ਖੇਤਰ ਤੇ ਤਿੱਖੀ ਨਜ਼ਰ ਰੱਖਦੇ ਹੋਏ ਵੱਖ-ਵੱਖ ਥਾਵਾਂ ’ਤੇ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫਰੀਦਕੋਟ ਅਗਵਾਈ ਹੇਠ ਥਾਣਾ ਸਿਟੀ ਫਰੀਦਕੋਟ ਅਤੇ ਫੂਡ ਸੇਫਟੀ ਡਿਪਾਰਟਮੈਂਟ ਦੀਆਂ ਟੀਮਾਂ ਵੱਲੋਂ ਇੱਕ ਸੂਚਨਾ ਦੇ ਅਧਾਰ ਤੇ ਜੁਆਇੰਟ ਆਪਰੇਸ਼ਨ ਕਰਦੇ ਹੋਏ ਗੁਰੂ ਤੇਗ ਬਹਾਦਰ ਨਗਰ, ਫਰੀਦਕੋਟ ਵਿਖੇ ਇੱਕ ਮਠਿਆਈਆਂ ਬਣਾਉਣ ਵਾਲੀ ਜਗਾ ਪਰ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਵਿੰਦਰਬੀਰ ਸਿੰਘ ਐਸ.ਪੀ. (ਸਥਾਨਿਕ) ਫਰੀਦਕੋਟ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਅਤੇ ਫੂਡ ਸੇਫਟੀ ਡਿਪਾਰਟਮੈਂਟ ਦੀਆ ਟੀਮਾਂ ਵੱਲੋਂ ਸੂਚਨਾ ਦੇ ਅਧਾਰ ’ਤੇ ਕਾਰਵਾਈ ਕੀਤੀ ਗਈ, ਜਿਸ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇੱਥੇ ਕਾਫੀ ਮਾਤਰਾ ਵਿੱਚ ਮਠਿਆਈ ਬਣਾਈ ਜਾ ਰਹੀ ਹੈ। ਜਿੰਨਾ ਦੇ ਸੈਂਪਲ ਲਏ ਗਏ ਹਨ। ਜਿਹਨਾ ਦੀ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਇਸ ਮੌਕੇ ਮੌਜੂਦ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਜਗਾ ਦਾ ਮਾਲਕ ਨਰਿੰਦਰ ਕੁਮਾਰ ਨਾਮ ਦਾ ਵਿਅਕਤੀ ਹੈ। ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਇਸ ਜਗਾ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਇੱਥੇ ਮੌਜੂਦ ਮਠਿਆਈਆਂ ਜਿਹਨਾ ਵਿੱਚ ਬਰਫੀ, ਮਿਲਕਕੇਕ ਸਮੇਤ ਹੋਰ ਮਠਿਆਈਆ ਦੇ ਸੈਪਲ ਲਏ ਜਾ ਰਹੇ ਹਨ। ਸੈਪਲ ਲੈਣ ਉਪਰੰਤ ਸੈਂਪਲਾ ਨੂੰ ਟੈਸਟਿੰਗ ਲਈ ਫੂਡ ਸੇਫਟੀ ਲੈਬ ਵਿਖੇ ਭੇਜਿਆ ਜਾਵੇਗਾ। ਜਿਸ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਇਸ ਤੋ ਇਲਾਵਾ ਸਫਾਈ ਦਾ ਪੂਰਾ ਪ੍ਰਬੰਧ ਨਾ ਹੋਣ ਕਾਰਨ ਸੈਕਟਸ਼-56 ਫੂਡ ਸੇਫਟੀ ਐਕਟ ਦੇ ਤਹਿਤ ਚਲਾਨ ਵੀ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਿਹਤ ਵਿਭਾਗ ਦੀਆ ਟੀਮਾਂ ਮਿਲ ਕੇ ਅਜਿਹੇ ਅਨਸਰਾ ਵਿਰੁੱਧ ਸਖਤੀ ਨਾਲ ਨਜਰ ਰੱਖੀ ਜਾ ਰਹੀ ਹੈ, ਜੋ ਪਬਲਿਕ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾ ਕਿਹਾ ਕਿ ਅਜਿਹੀਆਂ ਚੈਕਿੰਗਾ ਨਿਰੰਤਰ ਜਾਰੀ ਰਹਿਣਗੀਆ ਤਾਂ ਜੋ ਬਜਾਰ ਅੰਦਰ ਕਿਤੇ ਵੀ ਮਿਲਾਵਟੀ ਵਸਤੂਅਆ ਦੀ ਵਿਕਰੀ ਨਾ ਹੋ ਸਕੇ।